ਲੁਧਿਆਣਾ ‘ਚ ਇਕ ਹੋਰ ਕਾਰੋਬਾਰੀ ਦੇ ਘਰ ‘ਤੇ ਚਲਾਈਆਂ ਗੋਲੀਆਂ





ਦੋ ਬਾਈਕ ਸਵਾਰਾਂ ਨੇ ਗਵਾਹੀ ਦੇਣ ਤੋਂ ਰੋਕਣ ਲਈ ਕੀਤੀ ਫ਼ਾਇਰਿੰਗ
ਲੁਧਿਆਣਾ, 15 ਜੁਲਾਈ (ਕਮਲ ਕਪੂਰ) : ਲੁਧਿਆਣਾ ਦੇ ਜਵਾਹਰ ਕੈਂਪ ਇਲਾਕੇ ਵਿਚ ਦੋ ਬਾਈਕ ਸਵਾਰ ਨੌਜਵਾਨਾਂ ਨੇ ਇਕ ਵਪਾਰੀ ਦੇ ਘਰ ਦੇ ਬਾਹਰ ਗੋਲੀਆਂ ਚਲਾ ਦਿਤੀਆਂ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਰਿਕਾਰਡ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।
ਪੀੜਤ ਕਾਰੋਬਾਰੀ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸਦੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ ਅਤੇ ਉਸਨੂੰ 22 ਜੁਲਾਈ ਨੂੰ ਉਸੇ ਮਾਮਲੇ ਵਿਚ ਗਵਾਹੀ ਦੇਣੀ ਹੈ। ਉਸਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਇਸ ਹਮਲੇ ਪਿੱਛੇ ਉਸਦੇ ਭਰਾ ਦੇ ਕਾਤਲਾਂ ਦੇ ਸਾਥੀ ਹੋ ਸਕਦੇ ਹਨ। ਪੀੜਤ ਦਾ ਦਾਅਵਾ ਹੈ ਕਿ ਇਹ ਹਮਲਾ ਉਸਨੂੰ ਡਰਾਉਣ ਅਤੇ ਗਵਾਹੀ ਦੇਣ ਤੋਂ ਰੋਕਣ ਲਈ ਕੀਤਾ ਗਿਆ ਹੈ। ਸੀਸੀਟੀਵੀ ਫੁਟੇਜ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਬਾਈਕ ਸਵਾਰ ਦੋ ਨੌਜਵਾਨ ਘਰ ਦੇ ਬਾਹਰ ਆਉਂਦੇ ਹਨ ਅਤੇ ਜਾਂਦੇ ਸਮੇਂ ਦਰਵਾਜ਼ੇ ‘ਤੇ ਗੋਲੀ ਚਲਾ ਦਿੰਦੇ ਹਨ। ਪੁਲਿਸ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਦੋਸ਼ੀ ਜਵਾਹਰ ਨਗਰ ਕੈਂਪ ਅਤੇ ਸ਼ਾਮ ਨਗਰ ਇਲਾਕੇ ਦੇ ਰਹਿਣ ਵਾਲੇ ਹੋ ਸਕਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੀ ਪੂਰੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਭਰੋਸਾ ਦਿਤਾ ਕਿ ਮਾਮਲੇ ਦੀ ਨਿਰਪੱਖ ਅਤੇ ਤੇਜ਼ੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਤੁਰੰਤ ਸੁਰੱਖਿਆ ਦੀ ਮੰਗ ਕੀਤੀ ਹੈ।