ਮਾਂ ਕਾਲੀ ਦੀ ਬੇਅਦਬੀ ਵਾਲੇ ਵੀਡੀਓ ਖ਼ਿਲਾਫ਼ ਸ਼ਿਵਸੈਨਾ ਹਿੰਦ ਦਾ ਵਿਰੋਧ, ਪਾਇਲ ਮਲਿਕ ‘ਤੇ ਕਾਰਵਾਈ ਦੀ ਮੰਗ


72 ਘੰਟਿਆਂ ‘ਚ ਕਾਰਵਾਈ ਨਾ ਹੋਈ ਤਾਂ ਰਾਸ਼ਟਰੀ ਪੱਧਰੀ ਅੰਦੋਲਨ ਦੀ ਚੇਤਾਵਨੀ

ਜ਼ੀਰਕਪੁਰ, 20 ਜੁਲਾਈ (ਅਵਤਾਰ ਧੀਮਾਨ) : ਮਾਂ ਕਾਲੀ ਦੇ ਸਰੂਪ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇਕ ਵਿਵਾਦਤ ਵੀਡੀਓ ਨੂੰ ਲੈ ਕੇ ਸ਼ਿਵਸੈਨਾ ਹਿੰਦ ਵਲੋਂ ਸਖ਼ਤ ਵਿਰੋਧ ਪ੍ਰਗਟਾਇਆ ਗਿਆ ਹੈ। ਸੰਗਠਨ ਦੇ ਰਾਸ਼ਟਰੀ ਮਹਾਸਚਿਵ ਦੀਪਾਂਸ਼ੂ ਸੂਦ ਵਲੋਂ 19 ਜੁਲਾਈ ਨੂੰ ਢਕੌਲੀ ਥਾਣੇ ਦੇ ਇੰਚਾਰਜ ਨੂੰ ਇਕ ਲਿਖਤੀ ਸ਼ਿਕਾਇਤ ਪੱਤਰ ਦਿਤਾ ਗਿਆ, ਜਿਸ ਰਾਹੀਂ ਅਭਿਨੇਤਰੀ ਪਾਇਲ ਮਲਿਕ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਸ਼ਿਵਸੈਨਾ ਹਿੰਦ ਦਾ ਕਹਿਣਾ ਹੈ ਕਿ ਪਾਇਲ ਮਲਿਕ ਵਲੋਂ ਬਣਾਏ ਗਏ ਇਸ ਵੀਡੀਓ ਵਿਚ ਮਾਂ ਕਾਲੀ ਦੇ ਸਰੂਪ ਦੀ ਜਿਸ ਤਰ੍ਹਾਂ ਅਸ਼ੋਭਣੀ ਤੇ ਅਪੱਤਿਜਨਕ ਢੰਗ ਨਾਲ ਪੇਸ਼ਕਾਰੀ ਕੀਤੀ ਗਈ ਹੈ, ਉਹ ਨਾ ਸਿਰਫ਼ ਕਰੋੜਾਂ ਸਨਾਤਨ ਭਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ, ਸਗੋਂ ਇਹ ਸੱਭਿਆਚਾਰਕ ਅਸਮਿਤਾ ਤੇ ਆਸਥਾ ਦੇ ਅਸਲੀਅਤ ਨਾਲ ਵੀ ਸਿੱਧਾ ਖੇਡਣ ਵਾਲਾ ਮਾਮਲਾ ਹੈ। ਸੰਗਠਨ ਵਲੋਂ ਦਿਤੇ ਗਏ ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਵਿਚ ਭਾਰਤੀ ਦੰਡ ਸੰਹਿਤਾ ਦੀ ਧਾਰਾ 295ਏ ਅਤੇ 153ਏ ਦੇ ਤਹਿਤ ਪਾਇਲ ਮਲਿਕ ਉਤੇ ਐਫਆਈਆਰ ਦਰਜ ਕੀਤੀ ਜਾਵੇ ਅਤੇ ਇਸ ਵੀਡੀਓ ਨੂੰ ਤੁਰੰਤ ਸਭ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਟਾਇਆ ਜਾਵੇ। ਦੀਪਾਂਸ਼ੂ ਸੂਦ ਨੇ ਕਿਹਾ ਕਿ ਮਾਂ ਕਾਲੀ ਸਨਾਤਨ ਸੰਸਕ੍ਰਿਤੀ ਵਿਚ ਸ਼ਕਤੀ ਅਤੇ ਨਿਆਂ ਦੀ ਪ੍ਰਤੀਕ ਹਨ। ਉਨ੍ਹਾਂ ਦੇ ਸਰੂਪ ਨਾਲ ਕੋਈ ਵੀ ਅਸੰਵੇਦਨਸ਼ੀਲ ਜਾਂ ਬੇਅਦਬ ਪੇਸ਼ਕਾਰੀ ਪੂਰੀ ਤਰ੍ਹਾਂ ਨਿੰਦਨਯੋਗ ਅਤੇ ਅਸਵੀਕਾਰਯੋਗ ਹੈ। ਉਨ੍ਹਾਂ ਚੇਤਾਵਨੀ ਦਿਤੀ ਕਿ ਜੇਕਰ 72 ਘੰਟਿਆਂ ਦੇ ਅੰਦਰ ਪ੍ਰਸ਼ਾਸਨ ਵਲੋਂ ਕੋਈ ਢਿੱਲੀ ਜਾਂ ਗੰਭੀਰ ਕਾਰਵਾਈ ਨਾ ਕੀਤੀ ਗਈ ਤਾਂ ਸ਼ਿਵਸੈਨਾ ਹਿੰਦ ਪੂਰੇ ਦੇਸ਼ ‘ਚ ਸ਼ਾਂਤਮਈ ਰੂਪ ਵਿ ਅੰਦੋਲਨ ਅਤੇ ਜਨ-ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰੇਗੀ। ਸੰਗਠਨ ਵਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਉਨ੍ਹਾਂ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨਾਲ ਕੋਈ ਨਿਜੀ ਵੈਰ ਨਹੀਂ, ਪਰ ਧਾਰਮਿਕ ਪ੍ਰਤੀਕਾਂ ਅਤੇ ਮੰਨਤਾਵਾਂ ਦੀ ਇੱਜ਼ਤ ਕਾਇਮ ਰੱਖਣਾ ਹਰ ਨਾਗਰਿਕ ਅਤੇ ਪ੍ਰਸ਼ਾਸਨ ਦੀ ਸਾਂਝੀ ਜ਼ਿੰਮੇਵਾਰੀ ਹੈ। ਸ਼ਿਵਸੈਨਾ ਹਿੰਦ ਨੇ ਇਨ੍ਹਾਂ ਸ਼ਬਦਾਂ ਨਾਲ ਚੇਤਾਵਨੀ ਦਿਤੀ ਕਿ ਜੇਕਰ ਪ੍ਰਸ਼ਾਸਨ ਵਲੋਂ ਇਸ ਮਾਮਲੇ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਲੋਕ ਭਾਵਨਾਵਾਂ ਉਗਰ ਰੂਪ ਧਾਰ ਸਕਦੀਆਂ ਹਨ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।