ਦਰਬਾਰ ਸਾਹਿਬ ਨੂੰ ਮਿਲੀ ਆਰਡੀਐਕਸ ਨਾਲ ਉਡਾਉਣ ਦੀ ਧਮਕੀ ਭਰੀ ਦੂਜੀ ਈਮੇਲ

0
asr 4

ਅੰਮ੍ਰਿਤਸਰ, 15 ਜੁਲਾਈ (ਮੋਹਕਮ ਸਿੰਘ) : ਸ੍ਰੀ ਦਰਬਾਰ ਸਾਹਿਬ ਲੰਗਰ ਹਾਲ ਨੂੰ ਬੰਬ ਨਾਲ ਉਡਾ ਦੇਣ ਦੀ ਧਮਕੀ ਭਰੀ ਈ ਮੇਲ ਤੋਂ ਬਾਅਦ ਅੱਜ ਇਕ ਵਾਰ ਫਿਰ ਸ਼ੋ੍ਮਣੀ ਕਮੇਟੀ ਦੀ ਈ ਮੇਲ ‘ਤੇ ਧਮਕੀ ਭਰੀ ਈ ਮੇਲ ਮਿਲੀ ਹੈ, ਜਿਸ ਦੀ ਪੁਸ਼ਟੀ ਸ਼ੋ੍ਮਣੀ ਕਮੇਟੀ ਦੇ ਸਕੱਤਰ ਸ੍ਰ ਪ੍ਰਤਾਪ ਸਿੰਘ ਨੇ ਕੀਤੀ। ਇਸ ਵਾਰ ਮਿਲੀ ਈ ਮੇਲ ਵਿਚ ਕਿਹਾ ਗਿਆ ਹੈ ਕਿ ਆਰਡੀਐਕਸ ਪਾਇਪਾਂ ਵਿਚ ਭਰ ਦਿਤਾ ਗਿਆ ਹੈ, ਇਸ ਦੇ ਕਦੇ ਵੀ ਧਮਾਕੇ ਹੋ ਸਕਦੇ ਹਨ। ਬੀਤੇ 24 ਘੰਟੇ ਵਿਚ ਇਹ ਦੂਜੀ ਧਮਕੀ ਭਰੀ ਈ ਮੇਲ ਹੈ। ਸ਼ੋ੍ਮਣੀ ਕਮੇਟੀ ਦੇ ਈ ਮੇਲ ਆਈ ਡੀ ‘ਤੇ ਸ੍ਰੀ ਦਰਬਾਰ ਸਾਹਿਬ ਬਾਰੇ ਆਈ ਇਸ ਈ ਮੇਲ ਕਾਰਨ ਸ੍ਰੀ ਦਰਬਾਰ ਸਾਹਿਬ ਪ੍ਰਸ਼ਾਸਨ, ਸ਼ੋ੍ਮਣੀ ਕਮੇਟੀ ਪ੍ਰਸ਼ਾ਼ਸਨ ਤੇ ਪੁਲਿਸ ਪ੍ਰਸ਼ਾਸਨ ਇਸ ਈ ਮੇਲ ਨੂੰ ਲੈ ਕੇ ਬੇਹਦ ਚਿੰਤਤ ਹੈ। ਸਾਦੇ ਕਪੜਿਆਂ ਵਿਚ ਪੁਲਿਸ ਅਧਿਕਾਰੀ ਤੇ ਕਰਮਚਾਰੀ ਸ੍ਰੀ ਦਰਬਾਰ ਸਾਹਿਬ ਪ੍ਰਕਰਮਾਂ ਵਿਚ ਯਾਤਰੀਆਂ ‘ਤੇ ਨਜ਼ਰ ਰੱਖ ਰਹੇ ਹਨ। ਸ੍ਰੀ ਦਰਬਾਰ ਸਾਹਿਬ ਆਈ ਸੰਗਤ ਦੇ ਬੈਗ ਚੈਕ ਕੀਤੇ ਜਾ ਰਹੇ ਹਨ।

ਸ਼ੋ੍ਮਣੀ ਕਮੇਟੀ ਦੇ ਸਕੱਤਰ ਸ੍ਰ ਪ੍ਰਤਾਪ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਧਮਕੀ ਭਰੀਆਂ ਈ ਮੇਲ ਦੀਆਂ ਤੁਰੰਤ ਪੜਤਾਲ ਕਰਵਾ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਆਪਣੇ ਪੱਤਰ ਵਿਚ ਸ੍ਰ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼ੋ੍ਮਣੀ ਕਮੇਟੀ ਦੇ ਦਫਤਰ ਵਿਚ ਅੱਜ ਇਕ ਹੋਰ ਈ ਮੇਲ ਪੁੱਜੀ ਹੈ। ਇਸ ਈ ਮੇਲ ਵਿਚ ਕਿਸੇ ਵਿਅਕਤੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਆਰਡੀਐਕਸ ਰੱਖਣ ਬਾਰੇ ਸੂਚਿਤ ਕੀਤਾ ਹੈ। ਇਸ ਦੀ ਤੁਰੰਤ ਪੜਤਾਲ ਕਰਵਾ ਕੇ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਬੀਤੇ ਕੱਲ੍ਹ ਈਮੇਲ ਰਾਹੀਂ ਮਿਲੀ ਧਮਕੀ ਮਾਮਲੇ ਵਿਚ ਪੁਲਿਸ ਅਤੇ ਸਰਕਾਰ ਵਲੋਂ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਮੁੜ ਅਜਿਹੀ ਧਮਕੀ ਨਾ ਆਉਂਦੀ। 

ਇਸ ਦੌਰਾਨ ਅੱਜ ਵੱਡੀ ਗਿਣਤੀ ਵਿਚ ਪੁਲਿਸ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਤੈਨਾਤ ਰਹੀ। ਡਾਗ ਸਕਵੈਡ ਅਤੇ ਬੰਬ ਨਿਰੋਧਕ ਦਸਤੇ ਨੇ ਸਰਾਵਾਂ, ਗਠੜੀ ਘਰ, ਲੰਗਰ ਹਾਲ ਦੇ ਬਾਹਰ ਸਥਿਤ ਖਾਲੀ ਜਗ੍ਹਾ, ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਬਣਿਆ ਗਲਿਆਰਾ ਅਤੇ ਸ੍ਰੀ ਦਰਬਾਰ ਸਾਹਿਬ ਪਲਾਜਾ ਦੇ ਨਾਲ-ਨਾਲ ਆਸ ਪਾਸ ਦੇ ਇਲਾਕੇ ਦੀ ਬਰੀਕੀ ਨਾਲ ਪੜਤਾਲ ਕੀਤੀ। ਸਾਇਬਰ ਸੈਲ ਇਸ ਈ ਮੇਲ ਬਾਰੇ ਪੜਤਾਲ ਕਰ ਰਿਹਾ ਹੈ। ਇਸ ਦੇ ਨਾਲ ਹੀ ਬੀਐਸਐਫ ਵੀ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਤੈਨਾਤ ਕੀਤੀ ਹੋਈ ਪੂਰੀ ਤਰ੍ਹਾਂ ਚੌਕਸੀ ਵਰਤ ਰਹੀ ਹੈ।

Leave a Reply

Your email address will not be published. Required fields are marked *