ਭਾਰੀ ਚੱਟਾਨ ਡਿੱਗਣ ਨਾਲ ਐਸ.ਡੀ.ਐਮ. ਤੇ 6 ਸਾਲਾ ਪੁੱਤਰ ਦੀ ਮੌਤ


ਰਿਆਸੀ, 2 ਅਗਸਤ (ਨਿਊਜ਼ ਟਾਊਨ ਨੈਟਵਰਕ) : ਜੰਮੂ ਦੇ ਰਿਆਸੀ ਜ਼ਿਲ੍ਹੇ ਦੇ ਦਰਮਾਡੀ ਪਹਾੜੀ ਇਲਾਕੇ ਵਿਚ ਭਾਰੀ ਚੱਟਾਨ ਗੱਡੀ ’ਤੇ ਡਿੱਗ ਜਾਣ ਕਾਰਨ ਰਾਮਨਗਰ ਦੇ ਸਬ-ਡਿਵੀਜ਼ਨਲ ਮੈਜਿਸਟਰੇਟ (ਐਸ.ਡੀ.ਐਮ.) ਤੇ ਉਨ੍ਹਾਂ ਦੇ 6 ਸਾਲਾ ਪੁੱਤਰ ਦੀ ਮੌਤ ਹੋ ਗਈ ਜਦਕਿ ਐਸ.ਡੀ.ਐਮ. ਦੀ ਪਤਨੀ ਤੇ 2 ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।

ਹਾਦਸਾ ਉਸ ਵੇਲੇ ਵਾਪਰਿਆ ਜਦੋਂ ਐਸ.ਡੀ.ਐਮ. ਰਾਜਿੰਦਰ ਸਿੰਘ ਰਾਣਾ ਆਪਣਾ ਜੱਦੀ ਪਿੰਡ ਪੱਟੀਆਂ ਜਾ ਰਹੇ ਸਨ ਤਾਂ ਉਪਰੋਂ ਪਹਾੜਾਂ ਤੋਂ ਲੈਂਡ ਸਲਾਈਡ ਹੋ ਗਈ ਤੇ ਪਹਾੜ ਤੋਂ ਮਲਬੇ ਅਤੇ ਬਰਫ਼ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਤੋਂ ਪਹਿਲਾਂ ਉਹ ਕੁਝ ਸੰਭਲਦੇ ਕਿ ਅਚਾਨਕ ਹੀ ਇਕ ਵੱਡੀ ਚੱਟਾਨ ਉਹਨਾਂ ਦੀ ਗੱਡੀ ’ਤੇ ਆ ਡਿੱਗੀ। ਐਸ.ਡੀ.ਐਮ. ਤੇ ਉਹਨਾਂ ਦੇ 6 ਸਾਲਾ ਪੁੱਤਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਪਤਨੀ ਅਤੇ 2 ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।
ਹਾਦਸੇ ਦਾ ਪਤਾ ਲੱਗਦੇ ਹੀ ਪੁਲਿਸ ਪਾਰਟੀ ਅਤੇ ਲੋਕ ਮੌਕੇ ‘ਤੇ ਪਹੁੰਚ ਗਏ। ਸਾਰਿਆਂ ਨੂੰ ਸੀਐਚਸੀ ਦਰਮਾਡੀ ਲਿਆਂਦਾ ਗਿਆ। ਉੱਥੇ ਰਾਜਿੰਦਰ ਸਿੰਘ ਅਤੇ ਉਸਦੇ ਪੁੱਤਰ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। ਰਾਜਿੰਦਰ ਸਿੰਘ ਜੇਕੇਐਸ ਬੈਚ 2010 ਦੇ ਅਧਿਕਾਰੀ ਸਨ ਅਤੇ ਜ਼ਿਲ੍ਹਾ ਸੂਚਨਾ ਵਿਭਾਗ ਦੇ ਅਧਿਕਾਰੀ ਹੋਣ ਤੋਂ ਇਲਾਵਾ ਹੋਰ ਵੀ ਅਹੁਦਿਆਂ ‘ਤੇ ਰਹਿ ਚੁੱਕੇ ਸਨ। ਉਹ ਬੰਸਰੀ ਵਾਦਕ ਸਨ ਅਤੇ ਆਪਣੀ ਬੰਸਰੀ ਦੀ ਧੁਨ ‘ਤੇ ਗੀਤ ਵੀ ਗਾਉਂਦੇ ਸਨ।