ਆਪ ਵਿਧਾਇਕਾ ਅਨਮੋਲ ਗਗਨ ਮਾਨ ਨੇ 24 ਘੰਟਿਆਂ ‘ਚ ਹੀ ਵਾਪਸ ਲਿਆ ਅਸਤੀਫ਼ਾ


ਚੰਡੀਗੜ੍ਹ, 20 ਜੁਲਾਈ (ਨਿਊਜ਼ ਟਾਊਨ ਨੈੱਟਵਰਕ) : ਖਰੜ ਤੋਂ ਆਪ ਵਿਧਾਇਕ ਅਤੇ ਸਾਬਕਾ ਮੰਤਰੀ ਅਨਮੋਲ ਗਗਨ ਮਾਨ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਦਰਅਸਲ ਉਨ੍ਹਾਂ ਦੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੇ ਨਾਲ ਮੁਲਾਕਾਤ ਹੋਈ। ਇਸ ਦੌਰਾਨ ਉਨ੍ਹਾਂ ਦਾ ਅਸਤੀਫਾ ਨੂੰ ਨਾਮਨਜ਼ੂਰ ਕਰ ਦਿਤਾ ਹੈ। ਅਨਮੋਲ ਗਗਨ, ਜਿਸਨੇ ਪੰਜਾਬ ਸਰਕਾਰ ਵਿਚ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਰਾਜਨੀਤੀ ਛੱਡਣ ਦਾ ਐਲਾਨ ਕੀਤਾ ਸੀ, ਨੇ ਹੁਣ ਆਪਣਾ ਫੈਸਲਾ ਬਦਲ ਲਿਆ ਹੈ। ਪਾਰਟੀ ਮੁਖੀ ਅਮਨ ਅਰੋੜਾ ਨੇ ਪਰਿਵਾਰਕ ਮਾਹੌਲ ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਅਸਤੀਫੇ ਨੂੰ ਰੱਦ ਕਰਨ ਦੇ ਫੈਸਲੇ ਦਾ ਐਲਾਨ ਕੀਤਾ।
ਮੀਟਿੰਗ ਤੋਂ ਬਾਅਦ ਅਨਮੋਲ ਗਗਨ ਨੇ ਪਾਰਟੀ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਹੈ। ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਅਨਮੋਲ ਗਗਨ ਨੂੰ ਪਾਰਟੀ ਅਤੇ ਖੇਤਰ ਦੀ ਤਰੱਕੀ ਲਈ ਇਕੱਠੇ ਕੰਮ ਕਰਨ ਦੀ ਅਪੀਲ ਕੀਤੀ, ਜਿਸਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ। ਹੁਣ ਉਹ ਪਾਰਟੀ ਨਾਲ ਸਰਗਰਮੀ ਨਾਲ ਕੰਮ ਕਰਦੇ ਰਹਿਣਗੇ।
ਜ਼ਿਕਰਯੋਗ ਹੈ ਕਿ ਅਨਮੋਲ ਗਗਨ ਮਾਨ ਨੇ ਸਾਲ 2022 ਵਿਚ ਖਰੜ ਤੋਂ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਜਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਬਣਾਇਆ ਗਿਆ। ਹਾਲਾਂਕਿ ਸਤੰਬਰ 2024 ਵਿਚ ਮੰਤਰੀ ਮੰਡਲ ਦੇ ਫੇਰਬਦਲ ਤੋਂ ਬਾਅਦ ਉਸਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿਤਾ ਗਿਆ ਸੀ। ਹੁਣ ਉਹ ਆਪਣੇ ਪਤੀ ਨਾਲ ਚੰਡੀਗੜ੍ਹ ਵਿਚ ਰਹਿੰਦੀ ਹੈ। ਸਾਲ 2022 ’ਚ ਪਹਿਲੀ ਵਾਰ ਚੋਣ ਜਿੱਤਣ ਤੋਂ ਬਾਅਦ ਮੰਤਰੀ ਬਣੀ ਅਨਮੋਲ ਗਗਨ ਮਾਨ ਦਾ ਪਰਿਵਾਰ ਮੂਲ ਰੂਪ ਵਿਚ ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਹਾਲਾਂਕਿ ਉਨ੍ਹਾਂ ਨੇ ਆਪਣਾ ਜ਼ਿਆਦਾਤਰ ਸਮਾਂ ਚੰਡੀਗੜ੍ਹ ਅਤੇ ਮੁਹਾਲੀ ਵਿਚ ਬਿਤਾਇਆ ਹੈ। ਉਨ੍ਹਾਂ ਆਪਣੀ ਪੜ੍ਹਾਈ ਚੰਡੀਗੜ੍ਹ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਉਹ ਪੰਜਾਬੀ ਸੰਗੀਤ ਉਦਯੋਗ ਵਿਚ ਆਈ ਅਤੇ ਇਕ ਤੋਂ ਬਾਅਦ ਇਕ ਕਈ ਪੰਜਾਬੀ ਐਲਬਮਾਂ ਵਿਚ ਕੰਮ ਕੀਤਾ।
