ਸਾਊਦੀ ਅਰਬ ਦੇ ‘ਸਲੀਪਿੰਗ ਪ੍ਰਿੰਸ’ ਦਾ ਦੇਹਾਂਤ, 20 ਸਾਲ ਤੋਂ ਕੋਮਾ ‘ਚ ਸਨ ਅਲ ਵਲੀਦ ਬਿਨ ਖਾਲਿਦ


ਨਵੀਂ ਦਿੱਲੀ, 20 ਜੁਲਾਈ (ਨਿਊਜ਼ ਟਾਊਨ ਨੈੱਟਵਰਕ) : ਸਾਊਦੀ ਅਰਬ ਦੇ ਸਲੀਪਿੰਗ ਪ੍ਰਿੰਸ ਦੇ ਨਾਂ ਨਾਲ ਮਸ਼ਹੂਰ ਅਲ ਵਲੀਦ ਬਿਨ ਖਾਲਿਦ ਦਾ 36 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। 2005 ਵਿਚ ਲੰਡਨ ‘ਚ ਇਕ ਕਾਰ ਹਾਦਸੇ ਤੋਂ ਬਾਅਦ ਉਹ ਪਿਛਲੇ 20 ਸਾਲ ਤੋਂ ਕੋਮਾ ‘ਚ ਸਨ। ਉਨ੍ਹਾਂ ਦਾ ਜਨਮ ਅਪ੍ਰੈਲ 1990 ‘ਚ ਹੋਇਆ ਸੀ।
ਪ੍ਰਿੰਸ ਅਲ ਵਲੀਦ, ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਪ੍ਰਿੰਸ ਖਾਲਿਦ ਬਿਨ ਤਲਾਲ ਅਲ ਸਊਦ ਦੇ ਸਭ ਤੋਂ ਵੱਡੇ ਪੁੱਤਰ ਤੇ ਅਰਬਪਤੀ ਪ੍ਰਿੰਸ ਅਲ ਵਲੀਦ ਬਿਨ ਤਲਾਲ ਦੇ ਭਤੀਜੇ ਸਨ। 15 ਸਾਲ ਦੀ ਉਮਰ ‘ਚ ਬ੍ਰਿਟੇਨ ਦੇ ਇਕ ਮਿਲਟਰੀ ਕਾਲਜ ‘ਚ ਪੜ੍ਹਾਈ ਦੌਰਾਨ ਉਹ ਇਕ ਦੁਖਦ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਨਾਲ ਉਨ੍ਹਾਂ ਨੂੰ ਸਿਰ ‘ਤੇ ਗੰਭੀਰ ਸੱਟਾਂ ਵੱਜੀਆਂ ਤੇ ਅੰਦਰੂਨੀ ਖੂਹ ਵਗਿਆ ਜਿਸ ਤੋਂ ਬਾਅਦ ਉਹ ਕੋਮਾਂ ‘ਚ ਹੀ ਸਨ।
ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕਰਦਿਆਂ ਪ੍ਰਿੰਸ ਖਾਲਿਦ ਨੇ ਇਕ ਬਿਆਨ ਵਿਚ ਕਿਹਾ, ‘ਅੱਲਾ ਦੇ ਹੁਕਮ ਤੇ ਨਿਅਤੀ ‘ਚ ਪੂਰਨ ਵਿਸ਼ਵਾਸ ਦੇ ਨਾਲ ਬੇਹੱਦ ਦੁੱਖ ਤੇ ਸੋਗ ਦੇ ਨਾਲ ਅਸੀਂ ਆਪਣੇ ਪਿਆਰੇ ਬੇਟੇ ਪ੍ਰਿੰਸ ਅਲ-ਵਾਲਿਦ ਬਿਨ ਖਾਲਿਦ ਬਿਨ ਤਲਾਲ ਬਿਨ ਅਬਦੁਲਅਜ਼ੀਜ਼ ਅਲ ਸਾਊਦ ਦੇ ਦੇਹਾਂਤ ‘ਤੇ ਸੋਗ ਪ੍ਰਗਟਾਉਂਦੇ ਹਾਂ, ਅੱਲਾ ਉਨ੍ਹਾਂ ਉੱਪਰ ਦਯਾ ਕਰਨ ਜਿਨ੍ਹਾਂ ਦਾ ਅੱਜ ਦੇਹਾਂਤ ਹੋ ਗਿਆ।’
