ਕੈਨੇਡਾ ‘ਚ ਸਰੀ ਦੇ ਮੰਦਰ ਦੇ ਪ੍ਰਧਾਨ ਦੀ ਰਿਹਾਇਸ਼ ‘ਤੇ ਫ਼ਾਇਰਿੰਗ

0
satish kumar canada firing

ਸਰੀ, 10 ਜੂਨ 2025 (ਨਿਊਜ਼ ਟਾਊਨ ਨੈਟਵਰਕ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਦੌਰੇ ਤੋਂ ਪਹਿਲਾਂ ਸਰੀ ਇਲਾਕੇ ਵਿੱਚ ਸਥਿਤ ਇੱਕ ਕਾਰੋਬਾਰੀ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ। ਇਹ ਵਾਰਦਾਤ ਕੈਨੇਡਾ ਦੇ ਸਰੀ ਵਿੱਚ ਸਥਿਤ ਰਿਫਲੈਕਸ਼ਨ ਬੈਂਕੁਏਟ ਹਾਲ ਦੇ ਬਾਹਰ ਹੋਈ। ਫਿਲਹਾਲ, ਕੈਨੇਡੀਅਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਕੁਝ ਦਿਨ ਪਹਿਲਾਂ ਉਕਤ ਜਾਇਦਾਦ ਦੇ ਮਾਲਕ ਤੇ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਨੂੰ ਲਗਪਗ 20 ਲੱਖ ਡਾਲਰ ਦੀ ਫਿਰੌਤੀ ਦਾ ਫੋਨ ਆਇਆ ਸੀ। ਜਦੋਂ ਸਤੀਸ਼ ਕੁਮਾਰ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਬਦਮਾਸ਼ਾਂ ਨੇ ਉਸ ਦੀ ਰਿਹਾਇਸ਼ ‘ਤੇ ਫਾਇਰਿੰਗ ਕਰ ਦਿੱਤੀ।

ਕਾਰੋਬਾਰੀ ਤੇ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਕਿਹਾ ਕਿ ਇਹ ਘਟਨਾ 7 ਜੂਨ ਨੂੰ ਸਵੇਰੇ 2.30 ਵਜੇ ਦੇ ਕਰੀਬ ਵਾਪਰੀ ਸੀ। ਇਸ ਤੋਂ 2 ਸਾਲ ਪਹਿਲਾਂ ਦਸੰਬਰ ਦੇ ਮਹੀਨੇ ਵਿੱਚ ਵੀ ਸਤੀਸ਼ ਕੁਮਾਰ ਦੇ ਪੁੱਤਰ ਦੇ ਘਰ ਉਪਰ ਫਾਇਰਿੰਗ ਹੋਈ ਸੀ। ਇਸ ਦੌਰਾਨ ਹਮਲਾਵਰ ਨੇ ਲਗਪਗ 14 ਗੋਲੀਆਂ ਚਲਾਈਆਂ ਸਨ।

ਦੱਸ ਦੇਈਏ ਕਿ ਲਕਸ਼ਮੀ ਨਾਰਾਇਣ ਮੰਦਰ ਕੈਨੇਡਾ ਵਿੱਚ ਹਿੰਦੂਆਂ ਲਈ ਇੱਕ ਬਹੁਤ ਹੀ ਅਹਿਮ ਮੰਦਰ ਮੰਨਿਆ ਜਾਂਦਾ ਹੈ। ਇਹ ਚੌਥੀ ਵਾਰ ਹੈ ਜਦੋਂ ਲਕਸ਼ਮੀ ਨਾਰਾਇਣ ਮੰਦਰ ਦੇ ਕਿਸੇ ਅਧਿਕਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹੁਣ ਸਰੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਦਰਅਸਲ ਇਹ ਮਾਮਲਾ ਇਸ ਲਈ ਅਹਿਮ ਹੈ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੈਨੇਡਾ ਦੇ ਅਲਬਰਟਾ ਰਾਜ ਦੇ ਕਨਾਨਾਸਕਿਸ ਵਿੱਚ 15 ਤੋਂ 17 ਜੂਨ ਤੱਕ ਹੋਣ ਵਾਲੇ G7 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਇਸ ਸੱਦੇ ਲਈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਵੀ ਕੀਤਾ ਸੀ।

ਪੀਐਮ ਮੋਦੀ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਪਿਛਲੇ ਕੁਝ ਦਿਨਾਂ ਵਿੱਚ ਕੈਨੇਡਾ ਵਿੱਚ ਖਾਲਿਸਤਾਨੀਆਂ ਵੱਲੋਂ ਭਾਰਤ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ ਸਨ ਤੇ ਇੱਕ ਜਲੂਸ ਕੱਢਿਆ ਗਿਆ ਸੀ। ਇਸ ‘ਤੇ ਕੈਨੇਡੀਅਨ ਸਰਕਾਰ ਵੱਲੋਂ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ ਸੀ।

Leave a Reply

Your email address will not be published. Required fields are marked *