ਸਹਿਯੋਗ ਸੁਸਾਇਟੀ ਨੇ ਕਰਵਾਇਆ ਅੰਡਰ-14 ਫੁੱਟਬਾਲ ਟੂਰਨਾਮੈਂਟ


ਖੇਡਾਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਵਿੱਚ ਸਹਾਈ : ਪਰਮਜੀਤ ਸੱਚਦੇਵਾ
ਹੁਸ਼ਿਆਰਪੁਰ, 18 ਅਗਸਤ (ਤਰਸੇਮ ਦੀਵਾਨਾ) : ਸਹਿਯੋਗ ਸਪੋਰਟਸ ਡਿਵੈਲਪਮੈਂਟ ਐਂਡ ਵੂਮੈਨ ਇੰਪਾਵਰਮੈਂਟ ਸੁਸਾਇਟੀ ਬਜਵਾੜਾ ਵਲੋਂ ਲੜਕਿਆਂ ਦਾ ਅੰਡਰ-14 ਫੁੱਟਬਾਲ ਟੂਰਨਾਮੈਂਟ ਐੱਨ.ਆਰ.ਆਈ. ਤੇ ਸੁਸਾਇਟੀ ਦੇ ਪ੍ਰਧਾਨ ਸੰਦੀਪ ਸੋਨੀ ਵਲੋਂ ਬਜਵਾੜਾ ਵਿੱਚ ਤਿਆਰ ਕਰਵਾਏ ਗਏ ਸਟੇਡੀਅਮ ਵਿੱਚ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਸਰਕਾਰੀ ਮਿਡਲ ਸਕੂਲ ਡੱਲੇਵਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰਾ, ਫਿਟ-15 ਕਲੱਬ ਚੱਬੇਵਾਲ ਅਤੇ ਸਹਿਯੋਗ ਟੀਮ ਬਜਵਾੜਾ ਵੱਲੋਂ ਭਾਗ ਲਿਆ ਗਿਆ। ਇਸ ਟੂਰਨਾਮੈਂਟ ਵਿੱਚ ਫਿੱਟ-15 ਕਲੱਬ ਚੱਬੇਵਾਲ ਦੀ ਟੀਮ ਜੇਤੂ ਰਹੀ ਜਦੋਂ ਕਿ ਸਹਿਯੋਗ ਬਜਵਾੜਾ ਦੀ ਟੀਮ ਦੂਸਰੇ ਸਥਾਨ ’ਤੇ ਰਹੀ। ਇਸ ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਦੇ ਤੌਰ ’ਤੇ ਸਮਾਜਸੇਵੀ ਪਰਮਜੀਤ ਸਿੰਘ ਸੱਚਦੇਵਾ ਵਿਸ਼ੇਸ਼ ਤੌਰ ’ਤੇ ਪੁੱਜੇ, ਜਿਨ੍ਹਾਂ ਵੱਲੋਂ ਆਪਣੇ ਸੰਬੋਧਨ ਦੌਰਾਨ ਖਿਡਾਰੀਆਂ ਨੂੰ ਸੰਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਖੇਡ ਭਾਵਨਾ ਨਾਲ ਸਾਨੂੰ ਸਾਰੇ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ, ਮੁਕਾਬਲੇ ਦੌਰਾਨ ਹਰ ਖਿਡਾਰੀ ਨੂੰ ਆਪਣੀ ਟੀਮ ਲਈ ਸੌਂ ਫੀਸਦੀ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਹੀ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਵਿੱਚ ਸਹਾਈ ਹੁੰਦੀਆਂ ਹਨ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਸਹਿਯੋਗ ਸੁਸਾਇਟੀ ਵੱਲੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦਾ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਉਸ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਉਹ ਘੱਟ ਹੈ। ਇਸ ਮੌਕੇ ਉਨ੍ਹਾਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ। ਇਸ ਸਮੇਂ ਪ੍ਰਿੰਸੀਪਲ ਰਾਮ ਮੂਰਤੀ, ਕੁੰਦਨ ਸਿੰਘ ਕਾਲਕਟ ਅਤੇ ਹੋਰ ਮੈਂਬਰ ਵੀ ਮੌਜੂਦ ਰਹੇ।