ਪੰਜਾਬੀ ਯੂਨੀਵਰਸਿਟੀ ਦੇ ਮੁੱਖ ਗੇਟ ’ਤੇ ਮਚਿਆ ਹੰਗਾਮਾ…


ਪਟਿਆਲਾ , 21 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :
ਅਗਸਤ ਮਹੀਨੇ ਦਾ ਅੱਧ ਤੋਂ ਵੱਧ ਲੰਘਣ ਦੇ ਬਾਵਜੂਦ ਤਨਖਾਹ ਨਾ ਮਿਲਣ ਤੇ ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਵੱਲੋਂ ਮੁੱਖ ਗੇਟ ਬੰਦ ਕਰਕੇ ਸਰਕਾਰ ਖਿਲਾਫ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਮੁਲਾਜ਼ਮਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਤਨਖਾਹਾਂ ਲਈ ਬਜ਼ਟ ਵਿੱਚ ਪਾਸ ਕੀਤੀ ਗ੍ਰਾਂਟ ਯੂਨੀਵਰਸਿਟੀ ਨੂੰ ਨਹੀਂ ਭੇਜੀ ਗਈ। ਰੋਸ ਵਜੋਂ ਪਿਛਲੇ ਕਈ ਦਿਨਾਂ ਤੋਂ ਯੂਨੀਵਰਸਿਟੀ ਕਰਮਚਾਰੀ ਸੰਘ ਦੇ ਆਗੂਆਂ ਰਾਜਿੰਦਰ ਸਿੰਘ ਬਾਗੜੀਆਂ, ਗੁਰਜੀਤ ਸਿੰਘ ਗੋਪਾਲਪੁਰੀ , ਪ੍ਰਕਾਸ਼ ਸਿੰਘ ਧਾਲੀਵਾਲ, ਜਗਤਾਰ ਸਿੰਘ ਸੇਣੀ, ਸ਼ਰਨਦੀਪ ਕੋਰ, ਤੇਜਿੰਦਰ ਸਿੰਘ, ਗੁਰਪਿਆਰ ਸਿੰਘ ਵਲੋਂ ਰਜਿਸਟਰਾਰ ਦਫ਼ਤਰ ਵਿਖੇ ਤਨਖਾਹਾਂ ਜਾਰੀ ਕਰਾਉਣ ਨੂੰ ਲੈ ਕੇ ਧਰਨਾ ਲਗਾਇਆ ਹੋਇਆ ਹੈ। ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ।
ਯੂਨੀਵਰਸਿਟੀ ਦੇ ਸਿਰ 150 ਕਰੋੜ ਰੁਪਏ ਦਾ ਕਰਜ਼ਾ ਸਿੱਖਿਆ ਦੇ ਮੰਦਰ ਉਪਰ ਸਵਾਲਿਆ ਨਿਸ਼ਾਨ ਹੈ। ਇਲਾਕੇ ਦੇ ਗ਼ਰੀਬ ਵਿਦਿਆਰਥੀਆਂ ਲਈ ਮਸੀਹੇ ਦੇ ਤੋਰ ਤੇ ਕੰਮ ਕਰ ਰਹੀ ਪੰਜਾਬੀ ਯੂਨੀਵਰਸਿਟੀ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦੀ ਵਿਸ਼ੇਸ਼ ਲੋੜ ਹੈ। ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਯੂਨੀਵਰਸਿਟੀ ਕਰਮਚਾਰੀ ਸੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬੀ ਯੂਨੀਵਰਸਿਟੀ ਆਉਣ ਵਾਲੇ ਸਰਕਾਰੀ ਮੰਤਰੀਆਂ, ਅਹੁਦੇਦਾਰਾਂ ਦਾ ਕਾਲੀਆਂ ਝੰਡੀਆਂ ਦਿੱਖਾ ਕੇ ਬਾਈਕਾਟ ਕੀਤਾ ਜਾਵੇਗਾ। ਜੇਕਰ ਜਲਦ ਪੰਜਾਬ ਸਰਕਾਰ ਨੇ ਗ੍ਰਾਂਟ ਯੂਨੀਵਰਸਿਟੀ ਨੂੰ ਨਾਂ ਭੇਜੀ ਤਾਂ ਯੂਨੀਵਰਸਿਟੀ ਦੇ ਸਾਰੇ ਸੰਗਠਨਾਂ ਨਾਲ ਮਿਲ ਕੇ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦੀ ਜ਼ਿਮੇਵਾਰੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਹੋਵੇਗੀ।