ਅਜਨਾਲਾ ‘ਚ ਪਾਣੀ ਦਾ ਪੱਧਰ ਵਧਣ ਨਾਲ ਲੋਕਾਂ ‘ਚ ਖੌਫ ਦਾ ਮਾਹੌਲ !


ਅਜਨਾਲਾ, 27 ਅਗਸਤ ( ਨਿਊਜ਼ ਟਾਊਨ ਨੈੱਟਵਰਕ ) :
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਜਨਾਲਾ ਖੇਤਰਾਂ ਵਿੱਚ ਰਾਵੀ ਦਰਿਆ ਦੇ ਪਾਣੀ ਦੇ ਪੱਧਰ ਦਾ ਜਾਇਜ਼ਾ ਲੈਂਦੇ ਹੋਏ। ਪ੍ਰਸ਼ਾਸਨਿਕ ਅਤੇ ਐਨਡੀਆਰਐਫ ਅਧਿਕਾਰੀਆਂ ਦੇ ਨਾਲ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ।
ਦੱਸ ਦਈਏ ਕਿ ਅਜਨਾਲਾ ਰਾਵੀ ਦਰਿਆ ਦਾ ਧੂਸੀ ਬੰਨ੍ਹ ਟੁੱਟਣ ਕਾਰਨ ਅਜਨਾਲਾ ਦੇ ਤਿੰਨ ਪਿੰਡਾਂ ਘੋਨੇਵਾਲ, ਮਾਸੀ ਨੰਗਲ ਅਤੇ ਬੇਦੀ ਛੰਨਾ ਵਿੱਚ ਪਾਣੀ ਦਾਖਲ ਹੋ ਗਿਆ ਹੈ। ਪਿੰਡ ਵਿੱਚ ਪਾਣੀ ਦਾ ਵਹਾਅ ਵਧਣ ਕਾਰਨ ਲੋਕ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਹਨ।
ਉਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਖੋਲੇ ਲਾਂਘੇ ਨੇੜੇ ਧੁੱਸੀ ਪਾੜ ਪੈਣ ਨਾਲ ਰਾਵੀ ਦੇ ਪਾਣੀ ਨਾਲ ਸਰਹੱਦ ਤੇ ਸਥਿਤ ਇਤਿਹਾਸਿਕ ਗੁਰਦੁਆਰਾ ਬਾਬਾ ਸਿੱਧ ਸਿਓ ਰੰਧਾਵਾ ਪਾਣੀ ਵਿੱਚ ਡੁੱਬਣ ਕਾਰਨ ਗੁਰਦੁਆਰਾ ਸਾਹਿਬ ਦਾ ਲੱਖਾਂ ਰੁਪਇਆ ਦਾ ਨੁਕਸਾਨ ਹੋਇਆ ਹੈ। ਰਾਵੀ ਦੇ ਪਾਣੀ ਕਾਰਨ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵੀ ਪਾਣੀ ਵਿੱਚ ਡੁੱਬ ਗਿਆ ਹੈ। ਜਿੱਥੇ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਆਰ ਨਾਨਕ ਪਾਰ ਨਾਨਕ ਦਾ ਸ਼ਬਦ ਬੋਲਿਆ ਜਾਂਦਾ ਰਿਹਾ ਹੈ ਉਥੇ ਹੁਣ ਲੋਕਾਂ ਵੱਲੋਂ ਆਰ ਪਾਣੀ ਪਾਰ ਪਾਣੀ ਦਾ ਰਾਗ ਅਲਾਪਿਆ ਪਿਆ ਜਾ ਰਿਹਾ ਹੈ।