ਅਕਾਲੀ ਦਲ ਦੇ ਮਾਲੇਰਕੋਟਲਾ ਦਫ਼ਤਰ ‘ਚ ਨਾਲ ਮਨਾਇਆ ਗਣਤੰਤਰਤਾ ਦਿਵਸ


ਸੰਵਿਧਾਨ ਦੀ ਬਦੌਲਤ ਹਰ ਨਾਗਰਿਕ ਅਣਖ ਅਤੇ ਫ਼ਖ਼ਰ ਨਾਲ ਅਪਣਾ ਜੀਵਨ ਗੁਜ਼ਾਰ ਰਿਹੈ : ਦੁਰਗੇਸ਼ ਗਾਜਰੀ
ਨਗਰ ਕੌਂਸਲ ਉਤੇ ਵੀ ਹੋਵੇਗਾ ਅਕਾਲੀ ਦਲ ਦਾ ਕਬਜ਼ਾ : ਜ਼ਾਹਿਦਾ ਸੁਲੇਮਾਨ


ਮਾਲੇਰਕੋਟਲਾ, 26 ਜਨਵਰੀ (ਮੁਨਸ਼ੀ ਫ਼ਾਰੂਕ) : ਸ਼੍ਰੋਮਣੀ ਅਕਾਲੀ ਦਲ ਦੇ ਮਾਲੇਰਕੋਟਲਾ ਦਫ਼ਤਰ ‘ਚ ਅੱਜ ਇਥੇ ਗਣਤੰਤਰਤਾ ਦਿਵਸ ਸ਼ਾਨੋ ਸੌਕਤ ਨਾਲ ਮਨਾਇਆ ਗਿਆ। ਤਿਰੰਗਾ ਫ਼ਹਿਰਾਉਣ ਦੀ ਰਸਮ ਰੀਅਲ ਫ਼ਲੇਵਰਜ਼ ਮੀਡੀਆ ਗਰੁਪ ਚੰਡੀਗੜ੍ਹ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਦੁਰਗੇਸ਼ ਗਾਜਰੀ ਨੇ ਕੀਤੀ। ਸਮਾਗਮ ਦੀ ਪ੍ਰਧਾਨਗੀ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਕੀਤੀ। ਇਸ ਮੌਕੇ ਅਪਣੇ ਸੰਬੋਧਨ ਵਿਚ ਸ੍ਰੀ ਦੁਰਗੇਸ਼ ਗਾਜਰੀ ਨੇ ਕਿਹਾ ਕਿ ਅੱਜ ਪੂਰਾ ਭਾਰਤ ਜਮਹੂਰੀਅਤ ਦਾ ਦਿਹਾੜਾ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾ ਰਿਹਾ ਹੈ। ਹਰ ਦੇਸ਼ ਨੂੰ ਚਲਾਉਣ ਲਈ ਨਿਯਮ-ਕਾਨੂੰਨ ਦੀ ਲੋੜ ਹੁੰਦੀ ਹੈ ਅਤੇ ਡਾ. ਭੀਮ ਰਾਉ ਅੰਬੇਦਕਰ ਸਾਹਿਬ ਨੇ ਭਾਰਤੀ ਸੰਵਿਧਾਨ ਨੂੰ ਬਹੁਤ ਹੀ ਖ਼ੂਬਸੂਰਤ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨਾਲ ਭਰਪੂਰ ਬਣਾਇਆ ਹੈ। ਇਸ ਸੰਵਿਧਾਨ ਕਾਰਨ ਹੀ ਅੱਜ ਦੇਸ਼ ਦਾ ਹਾਰ ਨਾਗਰਿਕ ਫ਼ਖ਼ਰ ਅਤੇ ਅਣਖ ਨਾਲ ਅਪਣਾ ਜੀਵਨ ਬਤੀਤ ਕਰ ਰਿਹਾ ਹੈ। ਅਸੀਂ ਇਕ ਨਿਸ਼ਚਿਤ ਸਮੇਂ ਬਾਅਦ ਅਪਣੀ ਵੋਟ ਰਾਹੀਂ ਅਪਣੀ ਮਰਜ਼ੀ ਦੇ ਪ੍ਰਤੀਨਿਧ ਚੁਣਦੇ ਹਾਂ ਜਿਹੜੇ ਲੋਕਾਂ ਦੀ ਇੱਛਾ ਮੁਤਾਬਕ ਕੰਮ ਕਰਦੇ ਹਨ। ਉਨ੍ਹਾਂ ਅਕਾਲੀ ਦਲ ਵਲੋਂ ਮਾਲੇਰਕੋਟਲਾ ਦੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਵਿਖਾਈ ਕਾਰੁਗਜ਼ਾਰੀ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਅਕਾਲੀ ਦਲ ਨੇ ਇਕ ਪ੍ਰੀਖਿਆ ਪਾਸ ਕਰ ਲਈ ਹੈ ਅਤੇ ਹੁਣ ਦੂਜੀ ਪ੍ਰੀਖਿਆ ਨਗਰ ਕੌਂਸਲ ਚੋਣਾਂ ਹਨ। ਅਕਾਲੀ ਦਲ ਨੌਜੁਆਨਾਂ ਅਤੇ ਪੜ੍ਹੇ-ਲਿਖੇ ਲੋਕਾਂ ਨੂੰ ਉਮੀਦਵਾਰ ਬਣਾ ਰਿਹਾ ਹੈ ਜੋ ਕਿ ਬਹੁਤ ਹੀ ਵਧੀਆ ਗੱਲ ਹੈ। ਯੁਗ ਬਦਲ ਰਿਹਾ ਹੈ, ਨੌਜੁਆਨ ਹੀ ਸਾਡੇ ਸਮਾਜ ਅਤੇ ਦੇਸ਼ ਨੂੰ ਵਿਕਸਿਤ ਕਰ ਸਕਦੇ ਹਨ। ਇਸ ਤੋਂ ਪਹਿਲਾਂ ਮਾਲੇਰਕੋਟਲਾ ਦੇ ਪ੍ਰਤੀਨਿਧਾਂ ਨੇ ਅਪਣੇ ਖ਼ੁਦ ਦੇ ਹੱਕ ਤਾਂ ਹੰਡਾਏ ਹਨ ਪਰ ਅਪਣੇ ਫ਼ਰਜ਼ਾਂ ਨੂੰ ਅੰਜਾਮ ਨਹੀਂ ਦਿਤਾ ਜਿਸ ਕਾਰਨ ਮਾਲੇਰਕੋਟਲਾ ਪਛੜ ਗਿਆ। ਹੁਣ ਸਮਾਂ ਆ ਗਿਆ ਹੈ ਕਿ ਜ਼ਿੰਮੇਦਾਰ ਲੋਕ ਅੱਗੇ ਆਉਣ ਅਤੇ ਅਪਣੇ ਹਲਕੇ ਦਾ ਖ਼ੂਬ ਵਿਕਾਸ ਕਰਨ। ਇਸ ਮੌਕੇ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਪਿੰਡ ਵਾਲਿਆਂ ਨੇ ਬਲਾਕ ਸੰਮਤੀ ਚੋਣਾਂ ਵਿਚ ਅਕਾਲੀ ਦਲ ਨੂੰ ਪਿਆਰ ਦਿਤਾ ਹੈ, ਉਸੇ ਤਰ੍ਹਾਂ ਨਗਰ ਕੌਂਸਲ ਚੋਣਾਂ ਵਿਚ ਵੀ ਸਾਡੇ ਨੌਜੁਆਨ ਚੰਗੀ ਕਾਰਗੁਜ਼ਾਰੀ ਵਿਖਾਉਣਗੇ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਪਾਰਟੀ ਨੇ ਬਲਾਕ ਸੰਮਤੀ ਚੋਣਾਂ ਵਿਚ ਵੀ ਨਵੇਂ ਲੋਕ ਉਤਾਰੇ ਸਨ ਅਤੇ ਨਗਰ ਕੌਂਸਲ ਚੋਣਾਂ ਵਿਚ ਵੀ ਨਵੇਂ ਉਮੀਦਵਾਰ ਉਤਾਰੇ ਜਾਣਗੇ। ਇਸ ਵੇਲੇ ਜਿਹੜੇ ਨੌਜੁਆਨ ਪਾਰਟੀ ਨਾਲ ਜੁੜ ਰਹੇ ਹਨ, ਉਹ ਬਹੁਤ ਮਿਹਨਤੀ ਹਨ ਅਤੇ ਅਪਣੇ ਸ਼ਹਿਰ ਦੀ ਤਰੱਕੀ ਚਾਹੁੰਦੇ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਜੇ ਮਲੇਰਕੋਟਲਾ ਦੇ ਲੋਕ ਅਪਣੇ ਹਲਕੇ ਦਾ ਵਿਕਾਸ ਚਾਹੁੰਦੇ ਹਨ ਤਾਂ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟ ਪਾ ਕੇ ਕਾਮਯਾਬ ਕੀਤਾ ਜਾਵੇ। ਬੀਬਾ ਜ਼ਾਹਿਦਾ ਸੁਲੇਮਾਨ ਨੇ ਦਾਅਵਾ ਕੀਤਾ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿਚ ਪਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਸ. ਤਰਲੋਚਨ ਸਿੰਘ ਧਲੇਰ, ਸਰਕਲ ਪ੍ਰਧਾਨ ਰਾਜਪਾਲ ਸਿੰਘ ਰਾਜੂ ਚੱਕ, ਨੰਬਰਦਾਰ ਕੁਲਦੀਪ ਸਿੰਘ, ਵਾਰਡ ਨੰਬਰ-24 ਤੋਂ ਉਮੀਦਵਾਰ ਮੁਹੰਮਦ ਫ਼ਾਰੂਕ ਆਜ਼ਮ, ਵਾਰਡ ਨੰਬਰ-4 ਤੋਂ ਉਮੀਦਵਾਰ ਮੁਹੰਮਦ ਅਸ਼ਰਫ ਸੋਨੀ ਪਹਿਲਵਾਨ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਜਿਥੇ ਡਾ. ਭੀਮ ਰਾਉ ਅੰਬੇਦਕਰ ਸਾਹਿਬ ਨੂੰ ਯਾਦ ਕੀਤਾ, ਉਥੇ ਭਾਰਤੀ ਸੰਵਿਧਾਨ ਵਿਚ ਨਾਗਰਿਕਾਂ ਨੂੰ ਦਿਤੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਸੂਬਾ ਸਰਕਾਰ ਦੀ ਨਿੰਦਾ ਕੀਤੀ। ਕਿਸਾਨਾਂ, ਮੁਲਾਜ਼ਮਾਂ, ਵਪਾਰੀਆਂ, ਪੱਤਰਕਾਰਾਂ ਅਤੇ ਹੋਰ ਵਰਗਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਝੂਠ ਬੋਲ ਕੇ ਕਮਾਏ ਜਾ ਰਹੇ ਧਰੋਹ ਨੂੰ ਬੰਦ ਕਰਨ ਦੀ ਮੰਗ ਕੀਤੀ। ਬਲਾਰਿਆਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਅਪਣੇ ਸੋਹਣੇ ਪੰਜਾਬ ਦੀ ਸਰਕਾਰੀ ਲੁੱਟ ਸਮਾਪਤ ਕਰਨ ਲਈ ਅੱਗੇ ਆਉਣ। ਨਗਰ ਕੌਂਸਲ ਚੋਣਾਂ ਲੜ ਰਹੇ ਉਮੀਦਵਾਰਾਂ ਨੇ ਇਕਜੁਟ ਹੋ ਕੇ ਐਲਾਨ ਕੀਤਾ ਕਿ ਉਹ ਸਖ਼ਤ ਮਿਹਨਤ ਕਰਨਗੇ ਅਤੇ ਨਗਰ ਕੌਂਸਲ ਵਿਚ ਹੁੰਦੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਕੇ ਸ਼ਹਿਰ ਦਾ ਵਿਕਾਸ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇ.ਐਸ. ਕੰਬਾਈਨ ਦੇ ਮਾਲਕ ਜਥੇਦਾਰ ਕਰਮ ਸਿੰਘ, ਸ਼ਹਿਰੀ ਪ੍ਰਧਾਨ ਮੁਹੰਮਦ ਇਕਬਾਲ ਬਾਲਾ, ਐਡਵੋਕੇਟ ਪਰਵੇਜ਼ ਅਖ਼ਤਰ, ਜਥੇਦਾਰ ਤਰਸੇਮ ਸਿੰਘ ਭੂੰਦਨ, ਬੀਬਾ ਰੁਖ਼ਸ਼ੰਦਾ ਸੋਨੀ, ਵਾਰਡ ਨੰਬਰ-12 ਤੋਂ ਪ੍ਰਥਮ ਗਿੱਲ, ਵਾਰਡ ਨੰਬਰ-7 ਤੋਂ ਮੁਹੰਮਦ ਜਮੀਲ, ਵਾਰਡ ਨੰਬਰ-29 ਤੋਂ ਹਾਜੀ ਮੁਹੰਮਦ ਅਖ਼ਤਰ, ਵਾਰਡ ਨੰਬਰ-26 ਤੋਂ ਉਮੀਦਵਾਰ ਹਾਜੀ ਸ਼ੌਕਤ ਅਲੀ, ਸਰਕਲ ਪ੍ਰਧਾਨ ਜਥੇਦਾਰ ਮਨਦੀਪ ਸਿੰਘ ਮਾਣਕਵਾਲ, ਡਾ. ਸਿਰਾਜ ਚੱਕ, ਜਥੇਦਾਰ ਬਲਵੀਰ ਸਿੰਘ ਕੁਠਾਲਾ, ਸਫ਼ਦਰ ਅਲੀ ਰਾਣਾ, ਸ੍ਰੀ ਦੀਪ ਸਿੰਗਲਾ, ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਚੌਧਰੀ ਮੁਹੰਮਦ ਸ਼ਮਸ਼ਾਦ, ਕਾਕਾ ਚੌਧਰੀ, ਜਥੇਦਾਰ ਦਰਸ਼ਨ ਸਿੰਘ ਝਨੇਰ, ਵਾਰਡ ਨੰਬਰ-33 ਤੋਂ ਮੁਹੰਮਦ ਆਬਿਦ, ਜਥੇਦਾਰ ਦਵਿੰਦਰ ਸਿੰਘ ਕੁਠਾਲਾ, ਜਥੇਦਾਰ ਗੁਰਮੁਖ ਸਿੰਘ ਮੁਬਾਰਕਪੁਰ, ਵਾਰਡ ਨੰਬਰ ਦੋ ਤੋਂ ਸਾਬਕਾ ਕੌਂਸਲਰ ਮੁਹੰਮਦ ਰਫ਼ੀਕ ਫੋਗਾ, ਵਾਰਡ ਨੰਬਰ-3 ਤੋਂ ਮੁਹੰਮਦ ਅਖ਼ਤਰ ਬਲਾਕ ਸੰਮਤੀ ਮੈਂਬਰ ਮਨਪ੍ਰੀਤ ਸਿੰਘ ਭੂਦਨ ਸਮੇਤ ਅਨੇਕਾਂ ਅਕਾਲੀ ਆਗੂ ਹਾਜ਼ਰ ਸਨ।
