RBI ਨੇ PhonePe ‘ਤੇ ਲਗਾਇਆ 21 ਲੱਖ ਰੁਪਏ ਜੁਰਮਾਨਾ


ਨਵੀਂ ਦਿੱਲੀ, 13 ਸਤੰਬਰ (ਨਿਊਜ਼ ਟਾਊਨ ਨੈਟਵਰਕ) :
ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਡਿਜੀਟਲ ਭੁਗਤਾਨ ਕੰਪਨੀ ਫੋਨਪੇ ‘ਤੇ 21 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਇਹ ਜੁਰਮਾਨਾ ਕੰਪਨੀ ਵਲੋਂ ਕੁਝ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਲਗਾਇਆ ਗਿਆ ਹੈ, ਜੋ ਕਿ ‘ਪ੍ਰੀਪੇਡ ਪੇਮੈਂਟ ਇੰਸਟਰੂਮੈਂਟਸ’ (PPIs) ਨਾਲ ਸਬੰਧਤ ਹਨ। RBI ਨੇ ਅਕਤੂਬਰ 2023 ਤੋਂ ਦਸੰਬਰ 2024 ਤਕ ਫੋਨਪੇ ਦਾ ਨਿਰੀਖਣ ਕੀਤਾ। ਨਿਰੀਖਣ ਵਿੱਚ ਕਈ ਨਿਯਮਾਂ ਦੀ ਉਲੰਘਣਾ ਪਾਈ ਗਈ। ਇਸ ਤੋਂ ਬਾਅਦ RBI ਨੇ ਕੰਪਨੀ ਨੂੰ ਇਕ ਨੋਟਿਸ ਭੇਜਿਆ ਜਿਸ ਵਿਚ ਪੁੱਛਿਆ ਗਿਆ ਕਿ ਜੁਰਮਾਨਾ ਕਿਉਂ ਨਾ ਲਗਾਇਆ ਜਾਵੇ। ਫੋਨਪੇ ਨੇ RBI ਦੇ ਨੋਟਿਸ ਦਾ ਜਵਾਬ ਦਿਤਾ ਅਤੇ ਕੁਝ ਲਿਖਤੀ ਅਤੇ ਜ਼ੁਬਾਨੀ ਜਵਾਬ ਵੀ ਦਿਤੇ। ਇਸ ਦੇ ਬਾਵਜੂਦ RBI ਨੇ ਪਾਇਆ ਕਿ ਕੰਪਨੀ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ, ਇਸ ਲਈ 21 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਆਰਬੀਆਈ ਨੇ ਕਿਹਾ ਕਿ ਦਿਨ ਦੇ ਅੰਤ ਵਿਚ ਫੋਨਪੇ ਦੇ ਐਸਕ੍ਰੋ ਖਾਤੇ ਵਿਚ ਬਕਾਇਆ ਘੱਟ ਸੀ। ਭਾਵ ਕੁਝ ਦਿਨਾਂ ਵਿਚ ਕੰਪਨੀ ਕੋਲ ਗਾਹਕਾਂ ਅਤੇ ਵਪਾਰੀਆਂ ਦੇ ਪੈਸੇ ਦਾ ਭੁਗਤਾਨ ਕਰਨ ਲਈ ਪੂਰੀ ਰਕਮ ਨਹੀਂ ਸੀ। ਨਾਲ ਹੀ ਕੰਪਨੀ ਨੇ ਤੁਰੰਤ ਆਰਬੀਆਈ ਨੂੰ ਇਸ ਘਾਟ ਦੀ ਰਿਪੋਰਟ ਨਹੀਂ ਕੀਤੀ। ਆਰਬੀਆਈ ਨੇ ਇਹ ਵੀ ਕਿਹਾ ਕਿ ਇਹ ਜੁਰਮਾਨਾ ਸਿਰਫ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਲਗਾਇਆ ਗਿਆ ਹੈ। ਇਸਦਾ ਮਤਲਬ ਇਹ ਨਹੀਂ ਹੈ ਕਿ ਕੰਪਨੀ ਦੇ ਕਿਸੇ ਵੀ ਲੈਣ-ਦੇਣ ਜਾਂ ਗਾਹਕ ਨਾਲ ਕਿਸੇ ਸਮਝੌਤੇ ਦੀ ਵੈਧਤਾ ‘ਤੇ ਸਵਾਲ ਉਠਾਏ ਗਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਜੁਰਮਾਨਾ ਡਿਜੀਟਲ ਭੁਗਤਾਨ ਕੰਪਨੀਆਂ ਲਈ ਇਕ ਸਖ਼ਤ ਸੰਦੇਸ਼ ਹੈ। ਇਸਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੰਪਨੀਆਂ ਗਾਹਕਾਂ ਦੇ ਪੈਸੇ ਨੂੰ ਸੁਰੱਖਿਅਤ ਰੱਖਣ ਅਤੇ ਸਾਰੇ ਨਿਯਮਾਂ ਦੀ ਪਾਲਣਾ ਕਰਨ। ਫੋਨਪੇ ਭਾਰਤ ਦੀਆਂ ਸਭ ਤੋਂ ਵੱਡੀਆਂ ਡਿਜੀਟਲ ਭੁਗਤਾਨ ਕੰਪਨੀਆਂ ਵਿਚੋਂ ਇਕ ਹੈ ਅਤੇ ਲੱਖਾਂ ਲੋਕ ਇਸਦੀ ਵਰਤੋਂ ਔਨਲਾਈਨ ਭੁਗਤਾਨ ਅਤੇ ਬਿੱਲ ਭੁਗਤਾਨ ਲਈ ਕਰਦੇ ਹਨ। ਅਜਿਹੀ ਸਥਿਤੀ ਵਿਚ ਗਾਹਕਾਂ ਦੀ ਸੁਰੱਖਿਆ ਅਤੇ ਵਿੱਤੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਰਬੀਆਈ ਦਾ ਇਹ ਕਦਮ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।