ਰਵਨੀਤ ਬਿੱਟੂ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ‘ਤੇ ਖੜ੍ਹੇ ਕੀਤੇ ਸਵਾਲ


ਚੰਡੀਗੜ੍ਹ, 8 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿਚ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਤਹਿਤ ਪੰਜਾਬ ਦੇ ਹਰ ਵਿਅਕਤੀ ਲਈ ਸਿਹਤ ਕਾਰਡ ਬਣਾਏ ਜਾਣਗੇ। ਸਿਹਤ ਕਾਰਡ ਨਾਲ ਉਨ੍ਹਾਂ ਨੂੰ 10 ਲੱਖ ਰੁਪਏ ਤਕ ਦਾ ਮੁਫ਼ਤ ਇਲਾਜ ਮਿਲੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਯੋਜਨਾ ਵਿਚ ਵੱਡੇ ਹਸਪਤਾਲ ਸ਼ਾਮਲ ਹਨ। ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਪਹਿਲਾਂ ਲੋਕ ਨੀਲੇ ਅਤੇ ਪੀਲੇ ਕਾਰਡਾਂ ਦੀ ਪਰੇਸ਼ਾਨੀ ਵਿਚ ਫਸੇ ਰਹਿੰਦੇ ਸਨ। ਹੁਣ ਸਿਹਤ ਕਾਰਡ ਰਾਹੀਂ ਅਸੀਂ ਫੈਸਲਾ ਕੀਤਾ ਹੈ ਕਿ ਜੋ ਵੀ ਪੰਜਾਬ ਦਾ ਵਸਨੀਕ ਹੈ, ਉਸਨੂੰ ਹਰ ਹਾਲਤ ਵਿਚ ਇਲਾਜ ਮਿਲੇਗਾ ਪਰ ਹੁਣ ਇਸ ਨੂੰ ਲੈ ਕੇ ਹੁਣ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਵਾਲ ਖੜੇ ਕੀਤੇ ਹਨ।
ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਰਪ੍ਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਸਾਫ਼-ਸਾਫ਼ ਦੱਸ ਸਕਦੇ ਹਨ ਕਿ ਉਨ੍ਹਾਂ ਵਲੋਂ ਸਾਂਝੇ ਤੌਰ ‘ਤੇ ਸ਼ੁਰੂ ਕੀਤੀ ਗਈ ਸਿਹਤ ਬੀਮਾ ਯੋਜਨਾ ਦਾ ਅਸਲੀ ਨਾਮ ਕੀ ਹੈ? ਇਸ ਯੋਜਨਾ ਦਾ ਨਾਮ ਹੈ: ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ। ਇਸ ਸਕੀਮ ਦੇ ਤਹਿਤ ਤਕਰੀਬਨ 16.65 ਲੱਖ ਐਸਈਸੀਸੀ ਪਰਿਵਾਰਾਂ ਦੀ ਪ੍ਰੀਮੀਅਮ ਰਕਮ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ 60:40 ਅਨੁਪਾਤ ਵਿਚ ਭਰੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਪੰਜਾਬ ਵਿਚ ਪਹਿਲਾਂ ਹੀ ਚੱਲ ਰਹੀ ਹੈ, ਜਿਸ ਤਹਿਤ ਸਰਕਾਰੀ ਅਤੇ ਪੈਨਲ ਹਸਪਤਾਲਾਂ ਵਿਚ 5 ਲੱਖ ਰੁਪਏ ਤਕ ਦਾ ਮੁਫ਼ਤ ਇਲਾਜ ਉਪਲਬਧ ਹੈ। ਸੂਬੇ ਦੇ 80 ਫ਼ੀ ਸਦ ਲੋਕ ਇਸ ਯੋਜਨਾ ਦੇ ਅਧੀਨ ਆਉਂਦੇ ਹਨ। ਇਸ ਤੋਂ ਇਲਾਵਾ ਆਯੁਸ਼ਮਾਨ ਭਾਰਤ ਯੋਜਨਾ ਕੇਂਦਰ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ, ਜੋ ਕਿ ਭਾਰਤ ਭਰ ਦੇ ਸਰਕਾਰੀ ਅਤੇ ਸੂਚੀਬੱਧ ਹਸਪਤਾਲਾਂ ਵਿਚ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਨੂੰ 5 ਲੱਖ ਰੁਪਏ ਤਕ ਦਾ ਇਲਾਜ ਪ੍ਰਦਾਨ ਕਰਦੀ ਹੈ। ਇਹ ਯੋਜਨਾ ਸਾਰੇ ਰਾਜਾਂ ਵਿਚ ਲਾਗੂ ਹੈ, ਪਰ ਇਸ ਵਿਚ ਰਾਜ ਸਰਕਾਰ ਦੀ ਭਾਗੀਦਾਰੀ ਜ਼ਰੂਰੀ ਹੈ। ਹੁਣ ਪੰਜਾਬ ਸਰਕਾਰ ਜੋ ਨਵੀਂ ਯੋਜਨਾ ਲੈ ਕੇ ਆਈ ਹੈ, ਉਸ ਦਾ ਲਾਭ ਹਰ ਉਮਰ ਵਰਗ ਦੇ ਲੋਕ ਲੈ ਸਕਣਗੇ। ਇਸ ਯੋਜਨਾ ਵਿਚ ਅਜਿਹੀ ਕੋਈ ਸ਼ਰਤ ਨਹੀਂ ਹੈ ਪਰ ਇਸ ਲਈ ਸਿਰਫ਼ ਪੰਜਾਬ ਦਾ ਨਿਵਾਸੀ ਹੋਣਾ ਜ਼ਰੂਰੀ ਹੈ।
