ਆਸਟ੍ਰੇਲੀਆ ’ਚ ਰਾਜਪੁਰਾ ਦੇ ਨੌਜਵਾਨ ਦੀ ਸੁੱਤੇ ਪਈ ਮੌਤ


ਰਾਜਪੁਰਾ, 1 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪਟਿਆਲਾ ਦੇ ਰਾਜਪੁਰਾ ਦੀ ਸ਼ੀਤਲ ਕਲੋਨੀ ਦੇ ਪੰਜਾਬ ਪੁਲਿਸ ਦੇ ਰਿਟਾਇਰਡ ਏਐਸਆਈ ਗੁਰਪ੍ਰੀਤ ਸਿੰਘ ਢਿੱਲੋ ਦਾ ਇਕਲੌਤਾ ਬੇਟਾ ਆਪਣੇ ਚੰਗੇ ਭਵਿੱਖ ਲਈ 2019 ਵਿਚ ਸਿਡਨੀ (ਆਸਟਰੇਲੀਆ) ਸਟਡੀ ਬੇਸ ’ਤੇ ਗਿਆ ਸੀ ਜਿਸ ਦੀ ਹੁਣ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ।
ਰਿਸ਼ਤੇਦਾਰਾਂ ਵਲੋਂ ਦਿਤੀ ਗਈ ਜਾਣਕਾਰੀ ਮੁਤਾਬਿਕ ਨੋਬਲਪ੍ਰੀਤ ਸਿੰਘ ਢਿੱਲੋਂ ਰਾਤੀ ਠੀਕ ਠਾਕ ਸੁੱਤਾ ਸੀ ਪਰ ਸਵੇਰੇ ਉਹ ਉੱਠਿਆ ਹੀ ਨਹੀਂ ਜਿਸ ਨੂੰ ਉੱਥੇ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਪਰ ਉਸ ਨੂੰ ਡਾਕਟਰਾਂ ਵਲੋਂ ਮ੍ਰਿਤਕ ਐਲਾਨ ਦਿਤਾ ਗਿਆ। ਨੋਬਲਪ੍ਰੀਤ ਦੀਆਂ ਅੰਤਿਮ ਰਸਮਾਂ ਆਸਟ੍ਰੇਲੀਆ ’ਚ ਹੀ ਕੀਤੀਆਂ ਜਾਣਗੀਆਂ।
ਗੁਰਪ੍ਰੀਤ ਸਿੰਘ ਢਿੱਲੋ ਨੇ ਦੱਸਿਆ ਕਿ ਮੇਰਾ ਬੇਟਾ ਨੋਬਲਪ੍ਰੀਤ ਸਿੰਘ ਢਿੱਲੋ ਆਸਟਰੇਲੀਆ ਵਿਚ 2019 ਵਿਚ ਸਟੱਡੀ ਬੇਸ ’ਤੇ ਗਿਆ ਸੀ ਤੇ ਬੀਤੇ 6 ਸਾਲਾਂ ਤੋਂ ਉੱਥੇ ਰਹਿ ਰਿਹਾ ਸੀ ਅਤੇ ਉਸਨੇ ਆਪਣੇ ਉੱਥੇ ਕਾਰੋਬਾਰ ਵੀ ਸ਼ੁਰੂ ਕਰ ਲਿਆ ਸੀ। ਮੇਰੇ ਨਾਲ ਨੌਬਲਪ੍ਰੀਤ ਦੀ ਕੱਲ ਵੀ 45 ਮਿੰਟ ਗੱਲਬਾਤ ਹੋਈ ਹੈ ਸ਼ਾਇਦ ਇਹ ਆਖਰੀ ਗੱਲਬਾਤ ਸੀ।
ਉਨ੍ਹਾਂ ਕਿਹਾ ਕਿ ਅਸੀਂ ਵਿਚਾਰ ਕਰ ਰਹੇ ਸੀ ਕਿ ਜਿਸ ਵਕਤ ਆਸਟਰੇਲੀਆ ਦੇ ਕਾਗਜ਼ਾਂ ਪੱਤਰਾਂ ਦੀ ਫਾਰਮੈਲਟੀ ਪੂਰੀ ਹੋ ਗਈ ਤਾਂ ਅਸੀਂ ਪਰਿਵਾਰ ਸਮੇਤ ਆਸਟਰੇਲੀਆ ਜਾ ਕੇ ਬੇਟੇ ਨੋਬਲਪ੍ਰੀਤ ਨੂੰ ਮਿਲਾਂਗੇ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਣ ਕਾਰਨ ਆਪਣੇ ਚੰਗੇ ਭਵਿੱਖ ਬਣਾਉਣ ਦੇ ਲਈ ਵਿਦੇਸ਼ਾਂ ਵੱਲ ਜਾ ਰਹੇ ਹਨ ਅਤੇ ਆਪਣੇ ਮਾਤਾ ਪਿਤਾ ਦੀ ਚੰਗੇ ਭਵਿੱਖ ਲਈ ਮਿਹਨਤ ਕਰਕੇ ਵਿਦੇਸ਼ਾਂ ਵਿਚ ਜਾ ਕੇ ਪੈਸਾ ਕਮਾ ਰਹੇ ਹਨ, ਜਿਹੜਾ ਕਿ ਪਹਿਲਾਂ ਹੀ ਸੂਬੇ ਚ ਇਕ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਉਪਰੋਂ ਵਿਦੇਸ਼ਾਂ ਚ ਦੇਸ਼ ਵਾਸੀਆਂ ਦੀ ਆਏ ਦਿਨ ਹੋ ਰਹੀਆਂ ਅਚਾਨਕ ਮੌਤਾਂ ਨੇ ਲੋਕਾਂ ਚ ਡਰ ਦਾ ਮਾਹੌਲ ਬਣਾ ਦਿਤਾ ਹੈ।