ਵਿਸ਼ਵ ਪੁਲਿਸ ਖੇਡਾਂ ‘ਚ ਅਮਰੀਕਾ ਤੋਂ 7 ਮੈਡਲ ਜਿੱਤ ਲਿਆਈ ਗੁਰਦਾਸਪੁਰ ਦੀ ਰਜਨੀ


ਰਜਨੀ ਨੇ ਜਿੱਤੇ 4 ਗੋਲਡ, 1 ਸਿਲਵਰ ਤੇ 2 ਬਰੋਂਜ਼ ਮੈਡਲ
ਗੁਰਦਾਸਪੁਰ, 13 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਨਾਕਾਮੀ ਮੰਜ਼ਿਲ ਵੱਲ ਵਧਣ ਵਾਲੇ ਰਸਤੇ ਦਾ ਇਕ ਮੋੜ ਜਾਂ ਪੜਾਅ ਹੋ ਸਕਦਾ, ਅੰਤ ਨਹੀਂ । ਨਾਕਾਮੀ ਤੋਂ ਨਿਰਾਸ਼ ਹੋ ਕੇ ਕਦੇ ਵੀ ਮੰਜ਼ਿਲ ਵੱਲ ਵਧਣਾ ਨਹੀਂ ਛੱਡਣਾ ਚਾਹੀਦਾ। ਬਲਕਿ ਨਾਕਾਮੀ ਤੋਂ ਬਾਅਦ ਮਿਲੀ ਕਾਮਯਾਬੀ ਸਫਲ ਹੋਣ ਦੀ ਖੁਸ਼ੀ ਨੂੰ ਹੋਰ ਜ਼ਿਆਦਾ ਵਧਾ ਦਿੰਦੀ ਹੈ। ਅਜਿਹੀਆਂ ਵੀ ਖੁਸ਼ੀਆਂ ਨਾਲ ਰੂਬਰੂ ਹੋ ਰਿਹਾ ਹੈ ਪੰਜਾਬ ਪੁਲਿਸ ਦੀ ਹੈਡ ਕਾਂਸਟੇਬਲ ਰਜਨੀ ਦਾ ਸਹੁਰਾ ਪਰਿਵਾਰ ਕਿਉਂਕਿ ਉਨਾਂ ਦੀ ਨੂੰਹ ਰਜਨੀ 17 ਸਾਲ ਦੇ ਕੈਰੀਅਰ ਵਿਚ ਪਹਿਲੀ ਵਾਰ ਇੰਟਰਨੈਸ਼ਨਲ ਲੈਵਲ ‘ਤੇ ਇਕ ਦੋ ਨਹੀਂ ਬਲਕਿ ਪੂਰੇ ਸੱਤ ਮੈਡਲ ਜਿੱਤ ਲਿਆਈ ਹੈ। ਰਜਨੀ ਨੇ ਅਮਰੀਕਾ ਵਿਚ ਹੋਈਆਂ ਵਰਡ ਪੁਲਿਸ ਗੇਮਸ ਵਿਚ ਸੋ ਮੀਟਰ 400 ਮੀਟਰ ਅਤੇ ਹੋਰ ਮਿਲਾ ਕੇ ਕੁੱਲ 7 ਈਵੈਂਟਸ ਵਿਚ ਭਾਗ ਲਿਆ ਜਿਨਾਂ ਵਿੱਚੋਂ ਚਾਰ ਗੋਲਡ ਮੈਡਲ, ਇਕ ਸਿਲਵਰ ਮੈਡਲ ਅਤੇ ਦੋ ਬਰੋਂਜ਼ ਮੈਡਲ ਜਿੱਤੇ ਹਨ ਜਿਹੜੇ ਕਿ ਕੋਈ ਛੋਟੀ ਕਾਮਯਾਬੀ ਨਹੀਂ ਹੈ ਕਿਉਂਕਿ ਅੰਤਰਰਾਸ਼ਟਰੀ ਪੱਧਰ ਦੀਆਂ ਪੁਲਿਸ ਗੇਮਾਂ ਵਿਚ ਪੂਰੀ ਦੁਨੀਆਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ। ਆਪਣੀ ਕਾਮਯਾਬੀ ਤੋਂ ਜੋਸ਼ ਵਿਚ ਆਈ ਰਜਨੀ ਨੇ ਆਪਣੀ ਪ੍ਰੈਕਟਿਸ ਹੋਰ ਵਧਾ ਦਿਤੀ ਹੈ ਅਤੇ ਵੱਡੇ ਰਿਕਾਰਡ ਤੋੜਨ ਦਾ ਸੁਪਨਾ ਪਾਲਣਾ ਸ਼ੁਰੂ ਕਰ ਦਿਤਾ ਹੈ।
ਰਜਨੀ ਦਾ ਖੇਡ ਕੈਰੀਅਰ 2007 ਵਿਚ ਸ਼ੁਰੂ ਹੋਇਆ ਸੀ ਪਰ ਸ਼ੁਰੂਆਤੀ ਦੌਰ ਵਿਚ ਲਗਾਤਾਰ ਸੱਟਾਂ ਲੱਗਣ ਕਾਰਨ ਉਹ ਕੋਈ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਈ । ਹਾਲਾਂਕਿ ਪਹਿਲਾ ਗੋਲਡ 2014 ਵਿਚ ਉਸ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਜਿੱਤਿਆ ਸੀ । 2017 ਵਿਚੋਂ ਪੰਜਾਬ ਪੁਲਿਸ ਵਿਚ ਹੈਡ ਕਾਂਸਟੇਬਲ ਭਰਤੀ ਹੋ ਗਈ ਅਤੇ 2020 ਵਿਚ ਉਸਦਾ ਵਿਆਹ ਹੋ ਗਿਆ। ਵਿਆਹ ਮਗਰੋਂ ਆਪਣੇ ਵਲੋਂ ਉਸ ਨੇ ਦੌੜਨਾ ਛੱਡ ਹੀ ਦਿਤਾ ਸੀ ਪਰ ਪਤੀ ਰਾਜੇਸ਼ ਕੁਮਾਰ ਜੋ ਆਪ ਰੈਸਲਿੰਗ ਦੇ ਕੋਚ ਹਨ ਅਤੇ ਸੱਸ ਦਰਸ਼ਨਾ ਵਲੋਂ ਉਤਸ਼ਾਹਿਤ ਕਰਨ ਤੋਂ ਬਾਅਦ ਉਸਨੇ ਫਿਰ ਤੋਂ ਪ੍ਰੈਕਟਿਸ ਸ਼ੁਰੂ ਕਰ ਦਿਤੀ ਅਤੇ 2023 ਵਿਚ ਪੁਲਿਸ ਖੇਡਾਂ ਵਿਚ ਗੋਲਡ ਮੈਡਲ ਜਿੱਤਿਆ। ਫੇਰ ਵਿਸ਼ਵ ਖੇਡਾਂ ਲਈ ਚੁਣੀ ਗਈ ਅਤੇ ਅੱਜ ਵੱਡੀ ਕਾਮਯਾਬੀ ਹਾਸਲ ਕਰਕੇ ਅਮਰੀਕਾ ਤੋਂ ਵਾਪਸ ਪਰਤੀ ਹੈ।
ਰਜਨੀ ਦੱਸਦੀ ਹੈ ਕਿ ਉਸ ਦੀ ਕਾਮਯਾਬੀ ਪਿੱਛੇ ਉਸਦੀ ਸੱਸ ਅਤੇ ਪਤੀ ਦਾ ਵੱਡਾ ਹੱਥ ਹੈ। ਉਸਦੀ ਸੱਸ ਨੇ ਹਮੇਸ਼ਾ ਉਸਨੂੰ ਆਪਣੀ ਧੀ ਹੀ ਮੰਨਿਆ ਹੈ ਅਤੇ ਉਸਦੇ ਪਿੱਛੋਂ ਉਸਦੇ ਤਿੰਨ ਸਾਲ ਦੀ ਧੀ ਦੀ ਪੂਰੀ ਦੇਖ ਰੇਖ ਕਰਦੀ ਹੈ। ਉਸ ਨੇ ਦੱਸਿਆ ਕਿ ਰੈਸਲਿੰਗ ਕੋਚ ਸਨੂਜ ਜੋ ਉਸਨੂੰ ਆਪਣੀ ਭੈਣ ਮੰਨਦਾ ਦਾ ਵੀ ਉਸ ਦ ਕਾਮਯਾਬੀ ਪਿੱਛੇ ਵੱਡਾ ਹੱਥ ਰਿਹਾ ਜਿਸ ਨੇ ਡਾਇਟ ਬਾਰੇ ਉਸਨੂੰ ਗਾਈਡ ਕੀਤਾ ਅਤੇ ਬੱਚੀ ਦੇ ਪੈਦਾ ਹੋਣ ਤੋਂ ਬਾਅਦ ਉਸਦਾ ਵਜ਼ਨ ਘਟਾਉਣ ਵਿਚ ਵੀ ਉਸ ਦੀ ਮਦਦ ਕੀਤੀ । ਹੁਣ ਰਜਨੀ ਉੜਨ ਪਰੀ ਕਹੀ ਜਾਣ ਵਾਲੀ ਪੀਟੀ ਓਸ਼ਾ ਦਾ ਰਿਕਾਰਡ ਜੋ ਕੁਝ ਸਮਾਂ ਪਹਿਲਾਂ ਹੀ ਬਰੇਕ ਹੋਇਆ ਸੀ, ਉਸ ਨੂੰ ਵੀ ਤੋੜ ਕੇ ਅੰਤਰਰਾਸ਼ਟਰੀ ਪੱਧਰ ‘ਤੇ ਐਥਲੈਟਿਕਸ ਵਿਚ ਪੰਜਾਬ ਦਾ ਨਾਂ ਰੋਸ਼ਨ ਕਰਨ ਦਾ ਇਰਾਦਾ ਰੱਖਦੀ ਹੈ ਅਤੇ ਇਸ ਦੇ ਲਈ ਜੀ ਤੋੜ ਮਿਹਨਤ ਕਰਨ ਦੀ ਗੱਲ ਵੀ ਕਰਦੀ ਹੈ।