ਨਹਿਰ ‘ਚ ਨਹਾਉਣ ਗਏ 8 ਦੋਸਤਾਂ ਦੀ ਡੁੱਬਣ ਕਾਰਨ ਮੌਤ


ਟੋਂਕ, 10 ਜੂਨ 2025 (ਨਿਊਜ਼ ਟਾਊਨ ਨੈਟਵਰਕ) : ਰਾਜਸਥਾਨ ਦੇ ਟੋਂਕ ਵਿੱਚ ਪਿਕਨਿਕ ਲਈ ਆਏ 11 ਨੌਜਵਾਨ ਨਦੀ ‘ਚ ਨਹਾਉਣ ਗਏ ਜਿਨ੍ਹਾਂ ਚੋਂ 8 ਦੋਸਤਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਜਦਕਿ ਬਾਕੀ 3 ਜ਼ੇਰੇ ਇਲਾਜ ਹਨ। ਸਾਰੇ ਮ੍ਰਿਤਕ ਟੋਂਕ ਅਤੇ ਜੈਪੁਰ ਰਹਿਣ ਵਾਲੇ ਦੱਸੇ ਜਾ ਰਹੇ ਹਨ। ਲੋਕਾਂ ਨੇ ਪ੍ਰਸ਼ਾਸਨ ਦੀ ਮਦਦ ਨਾਲ ਨਦੀ ਵਿੱਚੋਂ ਲਾਸ਼ਾਂ ਕੱਢੀਆਂ।
ਜਾਣਕਾਰੀ ਅਨੁਸਾਰ ਬਨਾਸ ਨਦੀ ਵਿੱਚ ਨਹਾਉਣ ਗਏ 11 ਨੌਜਵਾਨ ਤੇਜ਼ ਵਹਾਅ ਵਿਚ ਵਹਿ ਗਏ ਤੇ ਨਦੀ ਚ ਡੁੱਬ ਗਏ। ਸਥਾਨਕ ਪਿੰਡ ਵਾਸੀਆਂ ਨੇ ਰੌਲਾ ਪਾਇਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸਥਾਨਕ ਲੋਕਾਂ ਤੇ ਪੁਲਿਸ ਮੁਲਾਜ਼ਮਾਂ ਨੇ ਸਾਰੇ ਨੌਜਵਾਨਾਂ ਨੂੰ ਨਦੀ ਚੋਂ ਬਾਹਰ ਕੱਢਿਆ। ਇਸ ਤੋਂ ਬਾਅਦ ਸਾਰਿਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ 8 ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਟੋਂਕ ਦੇ ਪੁਲਿਸ ਸੁਪਰਡੈਂਟ ਵਿਕਾਸ ਸਾਂਗਵਾਨ ਨੇ ਕਿਹਾ ਕਿ 3 ਹੋਰਾਂ ਨੂੰ ਬਚਾ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਕਿਹਾ ਕਿ 25 ਤੋਂ 30 ਸਾਲ ਦੀ ਉਮਰ ਦੇ 11 ਨੌਜਵਾਨਾਂ ਦਾ ਇੱਕ ਸਮੂਹ ਨਹਾਉਣ ਲਈ ਨਦੀ ਵਿੱਚ ਉਤਰਿਆ ਸੀ ਅਤੇ ਸਾਰੇ ਨੌਜਵਾਨ ਡੂੰਘੇ ਪਾਣੀ ਵਿੱਚ ਚਲੇ ਗਏ।
ਪੁਲਿਸ ਮੁਤਾਬਕ ਜਿਵੇਂ ਹੀ ਉਨ੍ਹਾਂ ਨੂੰ ਨੌਜਵਾਨ ਦੇ ਡੁੱਬਣ ਦੀ ਸੂਚਨਾ ਮਿਲੀ ਤਾਂ, ਉਹ ਤੁਰੰਤ ਮੌਕੇ ਤੇ ਪਹੁੰਚੇ ਅਤੇ ਨੌਜਵਾਨਾਂ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਵਿੱਚੋਂ 8 ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।