ਆਪ ਸੁਪਰੀਮੋ ਦੀ ਫੇਰੀ ਮੌਕੇ ਵੀ.ਆਈ.ਪੀ. ਕਲਚਰ ਵਿਰੁਧ ਉੱਠੇ ਸਵਾਲ…


(ਨਿਊਜ਼ ਟਾਊਨ ਨੈਟਵਰਕ)
ਸੁਲਤਾਨਪੁਰ ਲੋਧੀ, 5 ਸਤੰਬਰ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸੁਲਤਾਨਪੁਰ ਲੋਧੀ ਹਲਕੇ ਦੇ ਮੰਡ ਖੇਤਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਸਨ ਪਰ ਉਨ੍ਹਾਂ ਦੇ ਦੌਰੇ ਕਾਰਨ ਸਮਾਜ ਸੇਵੀ ਸੰਸਥਾਵਾਂ, ਜੋ ਰਾਹਤ ਸਮੱਗਰੀ ਲੈ ਕੇ ਪੀੜਤਾਂ ਤਕ ਪਹੁੰਚ ਰਹੀਆਂ ਸਨ, ਉਹਨਾਂ ਨੂੰ ਕਈ ਕਈ ਘੰਟੇ ਰੁਕਣਾ ਪਿਆ। ਲੋਕਾਂ ਨੇ ਆਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ। ਅਰਵਿੰਦ ਕੇਜਰੀਵਾਲ ਦੇ ਦੌਰੇ ਲਈ ਮੰਡ ਖੇਤਰ ਵਿੱਚ ਪੰਜ-ਪੰਜ ਤੇ ਛੇ-ਛੇ ਪੁਲਿਸ ਨਾਕੇ ਲਗਾਏ ਗਏ। ਰਾਹਤ ਸਮੱਗਰੀ ਲੈ ਕੇ ਆ ਰਹੇ ਲੋਕਾਂ ਨੂੰ 10-10 ਕਿਲੋਮੀਟਰ ਪਹਿਲਾਂ ਹੀ ਰੋਕਿਆ ਗਿਆ। ਇਹੋ ਜਿਹੇ ਹਾਲਾਤ ਵਿੱਚ ਸਮਾਜ ਸੇਵੀਆਂ ਨੇ ਨਿਊਜ਼ ਟਾਊਨ ਦੇ ਪੱਤਰਕਾਰ ਨਾਲ ਦੁੱਖ-ਤਕਲੀਫਾਂ ਸਾਂਝੀਆਂ ਕੀਤੀਆਂ। ਉਹਨਾਂ ਕਿਹਾ ਕਿ ਜਿਹੜੀ ਸਰਕਾਰ ਵੀ.ਆਈ.ਪੀ. ਕਲਚਰ ਖ਼ਤਮ ਕਰਨ ਦੇ ਵਾਅਦੇ ਕਰਦੀ ਸੀ, ਅੱਜ ਉਸੇ ਸਰਕਾਰ ਦੇ ਕਾਰਨ ਆਮ ਲੋਕਾਂ ਤੇ ਰਾਹਤ ਕਾਰਜਾਂ ਵਿੱਚ ਰੁਕਾਵਟ ਪੈ ਰਹੀ ਹੈ। ਇਸ ਮੌਕੇ ਸਮਾਜ ਸੇਵੀਆਂ ਨੇ ਕਿਹਾ ਕਿ ਅਸੀਂ ਹੜ੍ਹ ਪੀੜਤਾਂ ਲਈ ਰਾਹਤ ਲੈ ਕੇ ਆਏ ਹਾਂ ਪਰ ਸਾਨੂੰ ਘੰਟਿਆਂ ਰੋਕਿਆ ਗਿਆ। ਇਹ ਵੀ.ਆਈ.ਪੀ. ਕਲਚਰ ਖ਼ਤਮ ਕਰਨ ਦਾ ਵਾਅਦਾ ਕਰਨ ਵਾਲੇ ਹੀ ਅੱਜ ਰੁਕਾਵਟਾਂ ਪੈਦਾ ਕਰ ਰਹੇ ਹਨ। ਇੱਕ ਹੋਰ ਸਮਾਜ ਸੇਵੀ ਨੇ ਕਿਹਾ, “ਹਾਲਾਤ ਬਹੁਤ ਗੰਭੀਰ ਨੇ, ਲੋਕਾਂ ਨੂੰ ਮਦਦ ਦੀ ਲੋੜ ਹੈ ਪਰ ਨੱਕਿਆਂ ਤੇ ਸਾਨੂੰ ਰੁਕਾਇਆ ਗਿਆ। ਹੜ੍ਹ ਪੀੜਤਾਂ ਤਕ ਸਮੱਗਰੀ ਸਮੇਂ ਸਿਰ ਨਹੀਂ ਪਹੁੰਚ ਸਕੀ।”
