ਪੰਜਾਬ ‘ਚ ਵਧ ਰਹੀ ਗੈਂਗਸਟਰ ਹਿੰਸਾ ਵਿਚਾਲੇ ਪੰਜਾਬੀ ਆਪਣੀ ਰੱਖਿਆ ਆਪ ਕਰਨ : ਰਵਨੀਤ ਬਿੱਟੂ


ਚੰਡੀਗੜ੍ਹ, 7 ਜੁਲਾਈ 2025 : ਰੇਲ ਮੰਤਰਾਲਾ ਅਤੇ ਖਾਦ ਪ੍ਰੋਸੈਸਿੰਗ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਪੰਜਾਬ ਵਿਚ ਕਾਨੂੰਨ-ਵਿਵਸਥਾ ਨੂੰ ਬਰਕਰਾਰ ਰੱਖਣ ਵਿਚ ਪੂਰੀ ਤਰ੍ਹਾਂ ਨਾਕਾਮੀ ਲਈ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਜ਼ੋਰਦਾਰ ਹਮਲਾ ਕੀਤਾ। ਬਿੱਟੂ ਨੇ ਪੰਜਾਬ ਦੀ ਜਨਤਾ ਨੂੰ ਇਕਜੁੱਟ ਹੋ ਕੇ ਆਪਣੀ ਸੁਰੱਖਿਆ ਖੁਦ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ‘ਤੇ ਜਨਤਾ ਆਪਣੀ ਸੁਰੱਖਿਆ ਲਈ ਭਰੋਸਾ ਨਹੀਂ ਕਰ ਸਕਦੀ।
ਰਵਨੀਤ ਬਿੱਟੂ ਨੇ ਅਬੋਹਰ ਵਿਚ ਪ੍ਰਸਿੱਧ ਵਪਾਰੀ ਸੰਜੈ ਵਰਮਾ ਦੀ ਦਿਨ ਦਿਹਾੜੇ ਹੋਈ ਹੱਤਿਆ ‘ਤੇ ਡੂੰਘੀ ਚਿੰਤਾ ਜਤਾਈ ਅਤੇ ਕਿਹਾ ਕਿ ਇਹ ਪੰਜਾਬ ਵਿਚ ਵਧ ਰਹੀ ਅਨਾਰਕੀ ਦਾ ਇਕ ਹੋਰ ਖੌਫਨਾਕ ਇਸ਼ਾਰਾ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਇਉਂ ਕੰਮ ਕਰ ਰਹੇ ਹਨ ਜਿਵੇਂ ਉਹ ਆਪਣੀ ਕੋਈ ਵੱਖਰੀ ਸਰਕਾਰ ਚਲਾ ਰਹੇ ਹੋਣ। ਲੋਕਾਂ ਨੂੰ ਧਮਕੀਆਂ ਦਿਤੀਆਂ ਜਾ ਰਹੀਆਂ ਹਨ, ਕਤਲ ਕੀਤੇ ਜਾ ਰਹੇ ਹਨ ਅਤੇ ਫਿਰ ਵੀ ਗੈਂਗਸਟਰ ਬੇਖੌਫ਼ ਘੁੰਮ ਰਹੇ ਹਨ। ਪੰਜਾਬ ਦੇ ਲੋਕ ਹੁਣ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਨੇ ਮੋਗਾ ਵਿਚ ਪ੍ਰਸਿੱਧ ਡਾਕਟਰ ਡਾ. ਅਨਿਲਜੀਤ ਕੰਬੋਜ ਦੀ ਟਾਰਗੇਟ ਹੱਤਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਕਿਸਮ ਦੀਆਂ ਘਟਨਾਵਾਂ ਲਗਭਗ ਹਰ ਰੋਜ਼ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੀਆਂ ਗਲੀਆਂ ‘ਚ ਖੂਨ ਵਹ ਰਿਹਾ ਹੈ, ਉਦੋਂ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਵਿਚ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਜਸ਼ਨ ਮਨਾਉਣ ਵਿਚ ਰੁੱਝੇ ਹੋਏ ਹਨ। ਉਨ੍ਹਾਂ ਦੀ ਕਹਿੰਦੀ ਕਹਾਉਂਦੀ ‘ਵਿਜੈ ਰੈਲੀ’ ਵਿਚ ਮਾਸੂਮ ਲੋਕਾਂ ਦੀਆਂ ਨਿਰਦੋਸ਼ ਹੱਤਿਆਵਾਂ ਦਾ ਕੋਈ ਜ਼ਿਕਰ ਤੱਕ ਨਹੀਂ ਹੋਇਆ।
ਕੇਂਦਰੀ ਮੰਤਰੀ ਨੇ ਚੇਤਾਵਨੀ ਦਿਤੀ ਕਿ ਗੈਂਗਸਟਰ ਗਤਿਵਿਧੀਆਂ ਹੁਣ ਪੰਜਾਬ ਦੇ ਹਰੇਕ ਜ਼ਿਲ੍ਹੇ ਵਿਚ, ਇਥੋਂ ਤਕ ਕਿ ਸਰਹਦੀ ਖੇਤਰਾਂ ਜਿਵੇਂ ਕਿ ਤਰਨ ਤਾਰਨ ਵਿਚ ਵੀ ਫੈਲ ਗਈਆਂ ਹਨ, ਜਿੱਥੇ ਹਾਲ ਹੀ ਵਿਚ ਇਕ ਨਾਬਾਲਿਗ ਲੜਕੇ ਨੂੰ ਗੁਰਦੁਆਰੇ ਦੇ ਅੰਦਰ ਗੋਲੀ ਮਾਰ ਦਿਤੀ ਗਈ। ਉਨ੍ਹਾਂ ਕਿਹਾ ਕਿ ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਤਕ ਗੈਂਗ ਵਾਰਾਂ ਚੱਲ ਰਹੀਆਂ ਹਨ। ਨਾਈ, ਦਰਜ਼ੀ ਅਤੇ ਛੋਟੇ ਵਪਾਰੀ ਤਕ ਨੂੰ ਫਿਰੌਤੀ ਲਈ ਧਮਕੀਆਂ ਮਿਲ ਰਹੀਆਂ ਹਨ। ਇਕ ਗੈਂਗ ਨੂੰ ਪੈਸੇ ਦੇਵੋ ਤਾਂ ਦੂਜਾ ਆ ਜਾਂਦਾ ਹੈ। ਇਹ ਪੂਰੀ ਤਰ੍ਹਾਂ ਬੇਲਗਾਮ ਸਥਿਤੀ ਦਾ ਵਾਤਾਵਰਨ ਹੈ।
ਬਿੱਟੂ ਨੇ ਪੰਜਾਬ ਪੁਲਿਸ ‘ਤੇ ਵੀ ਇਨ੍ਹਾਂ ਮਾਮਲਿਆਂ ਨੂੰ ਘੱਟ ਦਿਖਾਉਣ ਦਾ ਦੋਸ਼ ਲਾਇਆ, ਉਨ੍ਹਾਂ ਕਿਹਾ ਕਿ ਉਹ ਹਰ ਜੁਰਮ ਨੂੰ ਲਾਂਡਾ ਹਰੀਕੇ ਜਾਂ ਬਿਸ਼ਨੋਈ ਗੈਂਗ ਵਰਗੇ ਕੁਝ ਜਾਣੇ-ਪਹਿਚਾਣੇ ਨਾਂਵਾਂ ‘ਤੇ ਢੋਹ ਰਹੇ ਹਨ ਜਦਕਿ ਅਸਲ ਵਿਚ ਪਿੰਡ-ਪਿੰਡ ਗੈਂਗਸਟਰਾਂ ਦੇ ਜਾਲ ਫੈਲ ਚੁੱਕੇ ਹਨ, ਬਲਕਿ ਇਹ ਹੁਣ ਕੋਈ ਇਕੇ-ਦੁਕੇ ਹਾਦਸੇ ਨਹੀਂ ਰਹੇ, ਇਹ ਦਹਿਸ਼ਤਗਰਦੀ ਦਾ ਇਕ ਅੰਡਰਗ੍ਰਾਊਂਡ ਸਿਸਟਮ ਬਣ ਚੁੱਕਾ ਹੈ। ਉਨ੍ਹਾਂ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ‘ਚ ਸਥਿਤੀ ਕੰਟਰੋਲ ਤੋਂ ਬਾਹਰ ਹੋ ਰਹੀ ਹੈ, ਐਨੀ ਖ਼ਤਰਨਾਕ ਜਿਵੇਂ ਅਸੀਂ ਮੈਕਸੀਕੋ ਜਾਂ ਕੋਲੰਬੀਆ ਬਾਰੇ ਸੁਣਦੇ ਹਾਂ।
ਰਵਨੀਤ ਬਿੱਟੂ ਨੇ ਆਪ ਆਗੂਆਂ ਅਤੇ ਅਪਰਾਧਿਕ ਗਿਰੋਹਾਂ ਦਰਮਿਆਨ ਗੰਭੀਰ ਸਾਂਠ-ਗਾਂਠ ਹੋਣ ਦਾ ਦੋਸ਼ ਵੀ ਲਾਇਆ, ਖਾਸ ਕਰਕੇ ਫਿਰੌਤੀ, ਨਸ਼ਾ ਤਸਕਰੀ ਅਤੇ ਗੈਰਕਾਨੂੰਨੀ ਜ਼ਮੀਨਾਂ ‘ਤੇ ਕਬਜ਼ਿਆਂ ਵਿਚ ਸ਼ਮੂਲੀਅਤ ਦੀ ਗੱਲ ਕੀਤੀ। ਬਿੱਟੂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਪੰਜਾਬ ਦੀ ਸੁਰੱਖਿਆ ਸਥਿਤੀ ਦਿਨੋ-ਦਿਨ ਖ਼ਰਾਬ ਹੋ ਰਹੀ ਹੈ। ਪੰਜਾਬੀਆਂ ਨੂੰ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਬਿੱਟੂ ਨੇ “ਠਿੱਕਰੀ ਪਹਿਰਾ” ਦੀ ਯਾਦ ਤਾਜ਼ਾ ਕਰਵਾਈ ਜੋ ਕਿ ਅੱਤਵਾਦ ਦੇ ਦੌਰਾਨ ਪਿੰਡਾਂ ਵਿਚ ਰਾਤ ਦੀ ਸੁਰੱਖਿਆ ਲਈ ਲਾਇਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬੀ ਲੋਕ ਖੜ੍ਹੇ ਹੋਣ ਅਤੇ ਆਪਣੀ ਸੁਰੱਖਿਆ ਆਪ ਕਰਨ, ਇਹ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ। ਜੇਕਰ ਲੋਕ ਹੁਣ ਵੀ ਨਹੀਂ ਜਾਗੇ ਤਾਂ ਨਿਰਦੋਸ਼ ਜਾਨਾਂ ਇਸੇ ਤਰ੍ਹਾਂ ਹੀ ਗਵਾਈਆਂ ਜਾਂਦੀਆਂ ਰਹਿਣਗੀਆਂ।
ਇਸ ਦੌਰਾਨ ਬਿੱਟੂ ਨੇ ਗੈਂਗਸਟਰ ਸਭਿਆਚਾਰ ਦੇ ਖ਼ਿਲਾਫ਼ ਇਕ ਲੋਕ ਅੰਦੋਲਨ ਖੜ੍ਹਾ ਕਰਨ ਦੀ ਅਪੀਲ ਕੀਤੀ ਤਾਂ ਜੋ ਕਾਨੂੰਨ-ਵਿਵਸਥਾ ਮੁੜ ਬਹਾਲ ਕੀਤੀ ਜਾ ਸਕੇ ਅਤੇ ਸਰਕਾਰ ਨੂੰ ਇਸ ਦੀ ਨਾਕਾਮੀ ਲਈ ਜਵਾਬਦੇਹ ਬਣਾਇਆ ਜਾ ਸਕੇ।
