ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬੀ ਗਾਇਕ ਮਲਕੀਤ ਸਿੰਘ

0
Screenshot 2025-09-19 173310

ਅੰਮ੍ਰਿਤਸਰ, 19 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪ੍ਰਸਿੱਧ ਗਾਇਕ ਮਲਕੀਤ ਸਿੰਘ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਭਾਰਤ ਆਉਂਦੇ ਹੀ ਉਹ ਸਿੱਧਾ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਏ ਤਾਂ ਜੋ ਹੜ੍ਹਾਂ ਨਾਲ ਪ੍ਰਭਾਵਤ ਲੋਕਾਂ ਦੀ ਭਲਾਈ ਲਈ ਅਰਦਾਸ ਕਰ ਸਕਣ। ਮਲਕੀਤ ਸਿੰਘ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਰਹਿੰਦੇ ਅਨੇਕਾਂ ਐਨਆਰਆਈ ਹੜ੍ਹ ਦੀ ਸਥਿਤੀ ਨੂੰ ਲੈ ਕੇ ਬਹੁਤ ਚਿੰਤਤ ਹਨ ਤੇ ਲਗਾਤਾਰ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਮਾਂ ਸੇਵਾ ਤੇ ਹੌਂਸਲੇ ਦਾ ਹੈ। “ਸਾਡਾ ਯੂਥ ਜਿਹੜਾ ਪਹਿਲਾਂ ਬਦਨਾਮ ਕੀਤਾ ਜਾਂਦਾ ਸੀ, ਅੱਜ ਉਹੀ ਟਰੈਕਟਰਾਂ ’ਤੇ ਰਾਸ਼ਨ ਲੈ ਕੇ ਮੋਹਰੇ ਖੜਾ ਹੋਇਆ ਹੈ। ਇਹ ਸਾਡੀ ਨਵੀਂ ਪੀੜ੍ਹੀ ਦੀ ਅਸਲ ਤਸਵੀਰ ਹੈ,” ਮਲਕੀਤ ਸਿੰਘ ਨੇ ਜਜ਼ਬਾਤੀ ਢੰਗ ਵਿੱਚ ਕਿਹਾ।

ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਨਵੇਂ ਗੀਤ ਦੀ ਰਿਲੀਜ਼ ਵੀ ਦੋ ਹਫ਼ਤੇ ਲਈ ਰੋਕ ਦਿੱਤੀ ਹੈ, ਤਾਂ ਜੋ ਲੋਕਾਂ ਦਾ ਧਿਆਨ ਹੜ੍ਹ ਪੀੜਤਾਂ ਦੀ ਸਹਾਇਤਾ ਵੱਲ ਹੀ ਰਹੇ। ਉਨ੍ਹਾਂ ਨੇ ਦੱਸਿਆ ਕਿ ਵਿਦੇਸ਼ਾਂ ‘ਚ ਵੀ ਚੈਰਟੀ ਸ਼ੋਅ ਕਰਕੇ ਹੜ੍ਹ ਪੀੜਤਾਂ ਲਈ ਫੰਡ ਇਕੱਠੇ ਕੀਤੇ ਜਾ ਰਹੇ ਹਨ। “ਅਸੀਂ ਵੱਧ ਤੋਂ ਵੱਧ ਪੈਸਾ ਇਕੱਠਾ ਕਰਕੇ ਇੱਥੇ ਭੇਜਾਂਗੇ, ਪਰ ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਇਹ ਪੈਸਾ ਸਹੀ ਥਾਵਾਂ ’ਤੇ ਲੱਗੇ,” ਉਨ੍ਹਾਂ ਨੇ ਸਾਫ ਕਿਹਾ। ਮਲਕੀਤ ਸਿੰਘ ਨੇ ਪੰਜਾਬ ਸਰਕਾਰ ਅਤੇ ਸੇਵਾ ਸੰਸਥਾਵਾਂ ਦੀ ਵੀ ਪ੍ਰਸ਼ੰਸਾ ਕੀਤੀ, ਜੋ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਵਿੱਚ ਲੱਗੀਆਂ ਹੋਈਆਂ ਹਨ।

ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਇੱਕ ਐਸਾ ਸਿਸਟਮ ਬਣਾਇਆ ਜਾਣਾ ਚਾਹੀਦਾ ਹੈ, ਜਿਸ ਨਾਲ ਯਕੀਨੀ ਬਣਾਇਆ ਜਾ ਸਕੇ ਕਿ ਜਿਹੜੇ ਲੋਕ ਸਚਮੁਚ ਹੜ੍ਹ ਨਾਲ ਪ੍ਰਭਾਵਤ ਹੋਏ ਹਨ, ਉਹਨਾਂ ਤੱਕ ਹੀ ਮਦਦ ਪਹੁੰਚੇ। ਉਨ੍ਹਾਂ ਨੇ ਖਾਸ ਕਰਕੇ ਗੱਲ ਕੀਤੀ ਉਹਨਾਂ ਨੌਜਵਾਨਾਂ ਦੀ ਜੋ ਆਪਣੇ ਘਰਾਂ ਦੀ ਪਰਵਾਹ ਕੀਤੇ ਬਿਨਾਂ, ਲੋਕਾਂ ਦੀ ਮਦਦ ਲਈ ਪਹੁੰਚੇ। “ਕਈਆਂ ਦੇ ਟਰੈਕਟਰ ਉਲਟ ਗਏ, ਕਈਆਂ ਨੂੰ ਜਾਨੀ ਨੁਕਸਾਨ ਹੋਇਆ, ਪਰ ਉਨ੍ਹਾਂ ਦੀ ਸੇਵਾ ਦੀ ਭਾਵਨਾ ਡੋਲਦੀ ਨਹੀਂ।

ਆਖ਼ਿਰ ਵਿੱਚ ਉਨ੍ਹਾਂ ਨੇ ਅਪੀਲ ਕੀਤੀ ਕਿ ਸਾਰੇ ਐਨਆਰਆਈ ਤੇ ਦਿਲਦਾਰ ਲੋਕ ਆਉਣ ਵਾਲੇ ਦਿਨਾਂ ਵਿੱਚ ਵੀ ਹੜ੍ਹ ਪੀੜਤਾਂ ਦੀ ਸਹਾਇਤਾ ਜਾਰੀ ਰੱਖਣ। “ਪੈਸੇ ਨਾਲ ਨਹੀਂ, ਅਰਦਾਸ ਨਾਲ ਗੱਲ ਬਣਦੀ ਹੈ। ਅਸੀਂ ਸਭ ਤੋਂ ਪਹਿਲਾਂ ਆਪਣੇ ਗੁਰੂ ਸਾਹਿਬ ਕੋਲੋਂ ਬਲ ਲੈਂਦੇ ਹਾਂ, ਬਾਕੀ ਸਾਰੀ ਤਾਕਤ ਆਪ ਆ ਜਾਂਦੀ ਹੈ,” ਮਲਕੀਤ ਸਿੰਘ ਨੇ ਭਾਵੁਕ ਹੋ ਕੇ ਕਿਹਾ।

Leave a Reply

Your email address will not be published. Required fields are marked *