ਝਾਰਖੰਡ ‘ਚ ਸਰੀਰਕ ਸਿਖਲਾਈ ਦੌਰਾਨ ਪੰਜਾਬੀ ਅਗਨੀਵੀਰ ਦੀ ਮੌਤ

0
Screenshot 2025-11-19 193618

21 ਸਾਲ ਦਾ ਜਸ਼ਨਪ੍ਰੀਤ ਸਿੰਘ ਅਪ੍ਰੈਲ ਮਹੀਨੇ ਵਿਚ ਹੀ ਹੋਇਆ ਸੀ ਭਰਤੀ

ਰਾਮਗੜ੍ਹ/ਫਿਰੋਜ਼ਪੁਰ, 19 ਨਵੰਬਰ (ਨਿਊਜ਼ ਟਾਊਨ ਨੈਟਵਰਕ) : ਰਾਮਗੜ੍ਹ ਛਾਉਣੀ ਦੇ ਪੰਜਾਬ ਰੈਜੀਮੈਂਟਲ ਸੈਂਟਰ ’ਚ ਸਰੀਰਕ ਸਿਖਲਾਈ ਦੌਰਾਨ ਇਕ ਅਗਨੀਵੀਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਗਨੀਵੀਰ ਜਸ਼ਨਪ੍ਰੀਤ ਸਿੰਘ (21) ਵਾਸੀ ਪਿੰਡ ਲੋਹਗੜ੍ਹ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦਸਿਆ ਕਿ ਭਰਤੀ ਵਿਅਕਤੀ ਪੰਜਾਬ ਰੈਜੀਮੈਂਟਲ ਸੈਂਟਰ ’ਚ ਅਪਣੀ ਰੁਟੀਨ ਸਰੀਰਕ ਸਿਖਲਾਈ ਲੈ ਰਿਹਾ ਸੀ ਜਦੋਂ ਉਸ ਨੂੰ ਸਾਹ ਲੈਣ ਵਿਚ ਤਕਲੀਫ ਦੀ ਸ਼ਿਕਾਇਤ ਹੋਈ। ਫ਼ੌਜ ਨੇ ਇਕ ਬਿਆਨ ਵਿਚ ਕਿਹਾ, ‘‘ਮੰਗਲਵਾਰ ਨੂੰ 21 ਸਾਲ ਦੇ ਨੌਜੁਆਨ ਨੇ ਸਾਹ ਲੈਣ ਵਿਚ ਤਕਲੀਫ ਦੀ ਸ਼ਿਕਾਇਤ ਕੀਤੀ ਅਤੇ ਉਸ ਨੂੰ ਮਿਲਟਰੀ ਹਸਪਤਾਲ ਰਾਮਗੜ੍ਹ ਲਿਜਾਣ ਤੋਂ ਪਹਿਲਾਂ ਤੁਰਤ ਮੁੱਢਲੀ ਸਹਾਇਤਾ ਦਿਤੀ ਗਈ। ਬਦਕਿਸਮਤੀ ਨਾਲ, ਉਹ ਰਸਤੇ ਵਿਚ ਹੀ ਹੋਸ਼ ਗੁਆ ਬੈਠਾ ਸੀ।’’ ਹਰ ਉਪਾਵਾਂ ਵਰਤਣ ਦੇ ਬਾਵਜੂਦ, ਮੈਡੀਕਲ ਟੀਮ ਅਗਨੀਵੀਰ ਜਸ਼ਨਪ੍ਰੀਤ ਨੂੰ ਬਚਾਉਣ ਵਿਚ ਅਸਮਰੱਥ ਰਹੀ। ਫੌਜ ਨੇ ਕਿਹਾ ਕਿ ਪਰਵਾਰ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਿਤੀ ਜਾ ਰਹੀ ਹੈ। ਬਿਆਨ ਅਨੁਸਾਰ ਭਾਰਤੀ ਫੌਜ ਅਗਨੀਵੀਰ ਜਸ਼ਨਪ੍ਰੀਤ ਸਿੰਘ ਦੇ ਸਾਹਸ ਅਤੇ ਸਮਰਪਣ ਨੂੰ ਸਲਾਮ ਕਰਦੀ ਹੈ ਅਤੇ ਇਕ ਬਹਾਦਰ ਫ਼ੌਜੀ ਦੀ ਮੌਤ ਉਤੇ ਡੂੰਘਾ ਸੋਗ ਪ੍ਰਗਟ ਕਰਦੀ ਹੈ, ਜਿਸ ਨੇ ਕਰਤੱਵ ਨਿਭਾਉਂਦੇ ਹੋਏ ਅੰਤਮ ਕੁਰਬਾਨੀ ਦਿਤੀ। ਜ਼ਿਕਰਯੋਗ ਹੈ ਕਿ ਜਸ਼ਨਪ੍ਰੀਤ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਪਰਿਵਾਰ ’ਚ ਪਿੱਛੇ ਮਾਂ ਅਤੇ ਛੋਟਾ ਭਰਾ ਰਹਿ ਗਏ। ਜਸ਼ਨਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਇਲਾਕੇ ’ਚ ਸੋਗ ਦੀ ਲਹਿਰ ਛਾ ਗਈ ਹੈ।

Leave a Reply

Your email address will not be published. Required fields are marked *