ਪੰਜਾਬ ਨੂੰ ਦਿੱਲੀ ਵਾਲੇ ਨਹੀਂ ਪੰਜਾਬੀ ਚਲਾਉਣਗੇ, 2027 ‘ਚ ਬਣੇਗੀ ਅਕਾਲੀ ਦਲ ਦੀ ਸਰਕਾਰ : ਬਿਕਰਮ ਮਜੀਠੀਆ

0
9d3d9c8d-e289-4062-8295-43f22e50eb77

ਬਿਕਰਮ ਮਜੀਠੀਆ ਦਾ ਮਜੀਠਾ ਪੁੱਜਣ ‘ਤੇ ਸ਼ਾਨਦਾਰ ਸਵਾਗਤ, ਮਜੀਠੇ ‘ਚ ਕੱਢੇ ਰੋਡ ਸ਼ੋਅ ਦੌਰਾਨ ਭਾਰੀ ਇਕੱਠ ਨੇ ਤੋੜੇ ਰਿਕਾਰਡ

ਮਜੀਠਾ, 26 ਫਰਵਰੀ (ਨਿਊਜ਼ ਟਾਊਨ ਨੈਟਵਰਕ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦਾ ਉੱਨਾ ਦੇ ਅਪਣੇ ਹਲਕੇ ਮਜੀਠਾ ਪੁੱਜਣ ਉੱਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਜੇਲ ਤੋਂ ਰਿਹਾਅ ਹੋਣ ਮਗਰੋਂ ਉਹ ਅੱਜ ਪਹਿਲੀ ਵਾਰ ਆਪਣੇ ਹਲਕੇ ਮਜੀਠਾ ਚ ਪੁੱਜੇ ਸਨ, ਜਿੱਥੇ ਉਹਨਾਂ ਦਾ ਭਾਰੀ ਇਕੱਠ ਦੌਰਾਨ ਫੁੱਲਾਂ ਦੀ ਵਰਖਾ ਅਤੇ ਆਤਿਸ਼ਬਾਜੀ ਨਾਲ ਸਵਾਗਤ ਹੋਇਆ। ਇਸ ਦੌਰਾਨ ਸ. ਮਜੀਠੀਆ ਵੱਲੋਂ ਆਪਣੇ ਸਮਰਥਕਾਂ ਨਾਲ ਇੱਕ ਵੱਡਾ ਰੋਡ ਸ਼ੋਅ ਕੱਢਿਆ ਗਿਆ ਜਿਸ ਦੌਰਾਨ ਹੋਏ ਇਕੱਠ ਨੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਦੌਰਾਨ ਬਿਕਰਮ ਮਜੀਠੀਆ ਦੇ ਸਮਰਥਕਾਂ ਹਲਕੇ ਦੇ ਲੋਕਾਂ ‘ਤੇ ਖਾਸ ਕਰ ਨੌਜਵਾਨ ਵਰਗ ਨੇ ਜੋਰ ਸ਼ੋਰ ਨਾਲ ਮਜੀਠੀਆ ਦੇ ਸਵਾਗਤ ਲਈ ਸ਼ਮੂਲੀਅਤ ਕੀਤੀ। ਰੋਡ ਸ਼ੋਅ ਦੌਰਾਨ ਸਭ ਤੋਂ ਵੱਡੀ ਚਰਚਾ ਦਾ ਵਿਸ਼ਾ ਬਿਕਰਮ ਮਜੀਠੀਆ ਦੇ ਕੱਟੜ ਸਿਆਸੀ ਵਿਰੋਧੀ ਰਹੇ ਸੁਖਜਿੰਦਰ ਰਾਜ ਸਿੰਘ (ਲਾਲੀ ਮਜੀਠੀਆ) ਦੀ ਰੋਡ ਸ਼ੋਅ ‘ਚ ਸ਼ਮੂਲੀਅਤ ਰਹੀ। ਲਾਲੀ ਮਜੀਠੀਆ ਨੇ ਸਿਆਸੀ ਮਤਭੇਦਾਂ ਨੂੰ ਪਾਸੇ ਰੱਖ ਕੇ ਆਪਣੇ ਸਾਥੀਆਂ ਸਮੇਤ ਇਸ ਸਵਾਗਤੀ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਮਜੀਠੇ ਤੋਂ ਇਸ ਵੱਡੇ ਰੋਡ ਸ਼ੋਅ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਮਿਸ਼ਨ 2027’ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਹਲਕੇ ਵਿੱਚ ਮਜੀਠੀਆ ਦੀ ਪਹਿਲੀ ਆਮਦ ਦੌਰਾਨ ਮਜੀਠੀਆ ਵਲੋਂ ਇੱਕ ਖੁੱਲ੍ਹੀ ਗੱਡੀ ਵਿੱਚ ਸਵਾਰ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਰੋਡ ਸ਼ੋਅ ਕੱਢਿਆ ਗਿਆ। ਇਸ ਮੌਕੇ ਸ਼ਹਿਰ ਵਾਸੀਆਂ ਨੇ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਵਰਕਰਾਂ ਵੱਲੋਂ ਬਿਕਰਮ ਮਜੀਠੀਆ ਅਤੇ ਅਕਾਲ ਅਕਾਲੀ ਦੇ ਹੱਕ ਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ । ਰੋਡ ਸ਼ੋਅ ਦੌਰਾਨ ਸੰਬੋਧਨ ਕਰਦਿਆਂ ਬਿਕਰਮਮਜੀਠੀਆ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਖੁੱਲ ਕੇ ਨਿਸ਼ਾਨੇ ਲਾਏ। ਆਪਣੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਅੱਜ ਮਜੀਠੇ ਦੀ ਚਰਚਾ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਮਨ ਵਿੱਚ ਇਸ ਹਲਕੇ ਨੂੰ ਲੈ ਕੇ ਖੌਫ ਹੈ ਕਿਉਂਕਿ ਜਦੋਂ ਜੇਲ ਵਿੱਚ ਸਨ ਤਾਂ ਮੁੱਖ ਮੰਤਰੀ ਵੱਲੋਂ ਜਿਹੜੀਆਂ ਦੋ ਥਾਵਾਂ ‘ਤੇ ਰੈਲੀ ਕੀਤੀ ਗਈ ਉਸ ਵਿੱਚ ਮਜੀਠਾ ਸ਼ਾਮਿਲ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਹੁੰਗਾਰੇ ਅਤੇ ਭਾਰੀ ਇਕੱਠ ਨੇ ਇਹ ਸੁਨੇਹਾ ਦੇ ਦਿੱਤਾ ਹੈ ਕਿ ਮਜੀਠੇ ਦੀ ਧਰਤੀ ਤੋਂ ਹੀ ਮੁੜ ਅਕਾਲੀ ਦਲ ਦੀ ਸੱਤਾ ਵਿੱਚ ਵਾਪਸੀ ਦਾ ਮੁੱਢ ਬੰਨਿਆ ਗਿਆ ਹੈ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਬਦਲਾਖੋਰੀ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹਨਾਂ ਨੂੰ ਝੂਠੇ ਕੇਸ ਵਿੱਚ ਫਸਾ ਕੇ ਜੇਲ ਭੇਜਿਆ ਗਿਆ ਅਤੇ ਸਰਕਾਰ ਚਾਹੁੰਦੀ ਸੀ ਕਿ ਉਹ 2027 ਤੱਕ ਬਾਹਰ ਨਾ ਆਉਣ ਪਰ ਅੱਜ ਉਹ ਕਾਨੂੰਨੀ ਲੜਾਈ ਦੌਰਾਨ ਅਦਾਲਤ ਤੋਂ ਮਿਲੇ ਇਨਸਾਫ ਅਤੇ ਮਜੀਠੇ ਦੇ ਲੋਕਾਂ ਦੀਆਂ ਅਰਦਾਸਾਂ ਦੇ ਚਲਦੇ ਆਪਣੇ ਹਲਕੇ ਪੁੱਜੇ ਹਨ। ਅੱਜ ਪੰਜਾਬ ਵਿੱਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਰਹੀ। ਮੇਰੇ ਨਾਲ ਮਿਲਣ ਵਾਲੇ ਜਾਂ ਫੋਟੋ ਖਿਚਵਾਉਣ ਵਾਲੇ ਗਾਇਕਾਂ ਤੱਕ ਦੀ ਸਿਕਿਉਰਟੀ ਡੀਜੀਪੀ ਵੱਲੋਂ ਵਾਪਸ ਲਈ ਜਾ ਰਹੀ ਹੈ ਜਦਕਿ ਇਹ ਸੁਰੱਖਿਆ ਪੰਜਾਬ ਦੇ ਖਜ਼ਾਨੇ ਤੇ ਪੰਜਾਬ ਦੇ ਲੋਕਾਂ ਤੇ ਪੈਸੇ ਨਾਲ ਦਿੱਤੀ ਜਾਂਦੀ ਹੈ ਨਾ ਕਿ ਡੀਜੀਪੀ ਜਾਂ ਸਰਕਾਰ ਵਲੋਂ ਦਿੱਤੀ ਜਾਂਦੀ ਹੈ। ਉਨਾਂ ਕਿਹਾ ਕਿ ਜਿਹੋ ਜਿਹੇ ਹਾਲਾਤ ਹਨ ਤੇ ਪੰਜਾਬ ਦੇ ਡੀਜੀਪੀ ਜਿਸ ਤਰ੍ਹਾਂ ਕੰਮ ਕਰ ਰਹੇ ਹਨ, ਮੈਨੂੰ ਵੀ ਗੋਲੀ ਮਰਵਾਈ ਜਾ ਸਕਦੀ ਹੈ। ਗੁਰਦਾਸਪੁਰ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਕਾਂਡ ਨੂੰ ਲੈ ਕੇ ਉਨਾਂ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਦੀ ਬਹਾਦਰ ਪੁਲਿਸ ਫੋਰਸ ਬਾਰੇ ਕਤਲ ਦੇ ਦੂਜੇ ਹੀ ਮਿੰਟ ਬਿਆਨ ਦੇ ਦਿੱਤਾ ਕਿ ਉਹ ਆਪਸੀ ਝਗੜੇ ਦੌਰਾਨ ਜਾਨ ਗਵਾ ਬੈਠੇ ਜਦਕਿ ਅਜਿਹੀ ਸੂਚਨਾ ਅਤੇ ਅਫਵਾਹ ਡੀਜੀਪੀ ਦਫਤਰ ਵੱਲੋਂ ਹੀ ਮੀਡੀਆ ਤੱਕ ਪਹੁੰਚਾਈ ਗਈ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਰਾਜ ਦੌਰਾਨ ਪੰਜਾਬ ਖਾਸਕਰ ਮਜੀਠੇ ਹਲਕੇ ਵਿੱਚ ਕਿਸੇ ਦੀ ਜ਼ੁਰਅਤ ਨਹੀਂ ਸੀ ਕਿ ਕਿਸੇ ਵਪਾਰੀ ਕਿਸੇ ਦੁਕਾਨਦਾਰ ਨੂੰ ਕੋਈ ਧਮਕੀ ਭਰੀ ਕਾਲ ਜਾਂ ਸੁਨੇਹਾ ਲੱਗ ਜਾਵੇ ਪਰ ਹੁਣ ਹਰ ਦੂਜੇ ਵਪਾਰੀ ਤੇ ਛੋਟੇ ਦੁਕਾਨਦਾਰ ਨੂੰ ਫਰੌਤੀ ਦੀਆਂ ਕਾਲਾਂ ਆ ਰਹੀਆਂ ਹਨ। ਉਹਨਾਂ ਚਿਤਾਵਨੀ ਦਿੰਦੇ ਆ ਕੇ ਆ ਕੇ ਜੇਕਰ ਕਿਸੇ ਨੇ ਮਜੀਠੇ ਹਲਕੇ ਵਿੱਚ ਅਜਿਹੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਆਉਣ ‘ਤੇ ਜਿੱਥੇ ਵੀ ਬੈਠੇ ਹੋਣਗੇ ਉਥੋ ਫੜ ਕੇ ਲਿਆਂਦਾ ਜਾਵੇਗਾ। ਉਨਾਂ ਕਿਹਾ ਕਿ ਅੱਜ ਪੰਜਾਬ ਨੂੰ ਦਿੱਲੀ ਵਾਲੇ ਚਲਾ ਰਹੇ ਹਨ ਪਰ ਹੁਣ ਪੰਜਾਬੀ ਅਤੇ ਪੰਜਾਬ ਸਮਝ ਚੁੱਕਿਆ ਹੈ ਤੇ 2027 ‘ਚ ਦਿੱਲੀ ਵਾਲਿਆਂ ਨੂੰ ਚਲਦਾ ਕਰ ਦਿੱਤਾ ਜਾਵੇਗਾ ਕਿਉਂਕਿ 2027 ਵਿਚ ਪੰਜਾਬ ਵਾਸੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ। ਉਨਾਂ ਕਿਹਾ ਕਿ ਪੰਜਾਬ ਨੂੰ ਪੰਜਾਬੀ ਅਤੇ ਪੰਜਾਬ ਦੇ ਨੌਜਵਾਨ ਚਲਾਉਣਗੇ ਦਿੱਲੀ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਇਹ ਬਣ ਚੁੱਕੇ ਹਨ ਜੇਕਰ ਸਰਕਾਰ ਵਿਰੁਧ ਕੋਈ ਸਿਆਸੀ ਵਿਰੋਧੀ ਬੋਲਦਾ ਹੈ ਉਸ ਤੇ ਪਰਚਾ ਦੇ ਦਿੱਤਾ ਜਾਂਦਾ ਹੈ ਜੇਕਰ ਕੋਈ ਪੱਤਰਕਾਰ ਕੁਝ ਲਿਖਦਾ ਜਾਂ ਬੋਲਦਾ ਹੈ ਉਸ ਤੇ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ, ਇਹ ਲੋਕਤੰਤਰ ਦਾ ਘਾਣ ਹੈ। ਮੁੱਖ ਮੰਤਰੀ ਨੂੰ ਵੰਗਾਰਦਿਆਂ ਉਨ੍ਹਾਂ ਕਿਹਾ ਕਿ ਮੈਂ ਤਾਂ ਅੰਦਰ ਸਾਢੇ 7 ਮਹੀਨੇ ਲਾ ਕੇ ਮੁੜ ਮਜੀਠੇ ਵਾਪਸ ਆ ਗਿਆ ਪਰ ਹੁਣ ਮੁੱਖ ਮੰਤਰੀ ਨੂੰ ਨਾਭੇ ਜਾਣ ਦੀ ਆਪਣੀ ਤਿਆਰੀ ਕਰ ਲੈਣੀ ਚਾਹੀਦੀ ਹੈ। ਜਦੋਂ ਜੇਲ ਵਿੱਚ ਸਨ ਤਾਂ ਮੁੱਖ ਮੰਤਰੀ ਨੂੰ ਉਸ ਵੇਲੇ ਵੀ ਮਜੀਠੇ ਹਲਕੇ ਦਾ ਡਰ ਸਤਾਉਂਦਾ ਰਿਹਾ ਹੈ, ਜਿਨਾਂ ਨੇ ਪਹਿਲਾਂ ਕੈਪਟਨ ਦੀ ਸਰਕਾਰ ਵੇਲੇ ਤੇ ਹੁਣ ਝਾੜੂ ਪਾਰਟੀ ਦੀ ਸਰਕਾਰ ਦੌਰਾਨ ਸਾਰੇ ਪੰਜਾਬ ਤੋਂ ਉਲਟ ਹਵਾ ਚਲਾ ਕੇ ਪਹਿਲਾਂ ਉਹਨਾਂ ਨੂੰ ਅਤੇ ਹੁਣ ਬੀਬੀ ਗਨੀਵ ਕੌਰ ਮਜੀਠੀਆ ਨੂੰ ਹਲਕੇ ਦੇ ਨੁਮਾਇੰਦਗੀ ਦਿੱਤੀ। ਉਹਨਾਂ ਹਲਕਾ ਮਜੀਠੇ ਦੇ ਲੋਕਾਂ ਦੀ ਸ਼ਲਾਘਾ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਅਤੇ ਸਰਕਾਰ ਨੂੰ ਵੀ ਸਮਝ ਆ ਚੁੱਕਿਆ ਹੈ ਕਿ ਮਜੀਠੇ ਦੇ ਲੋਕਾਂ ਦੇ ਖੂਨ ਵਿੱਚ ਸ਼ੇਰ ਦੌੜ ਰਿਹਾ ਹੈ ਜੌ ਉੱਨਾ ਦੇ ਕਾਬੂ ਨਹੀਂ ਆਉਣ ਵਾਲਾ। ਪੰਜਾਬ ਸਰਕਾਰ ਵੱਲੋਂ ਮੇਰੀ ਰਸੋਈ ਸਕੀਮ ਸ਼ੁਰੂ ਕਰਨ ਤੇ ਸਵਾਲ ਖੜੇ ਕਰਦਿਆਂ ਮਜੀਠੀਆ ਨੇ ਕਿਹਾ ਕਿ 4 ਸਾਲ ਨਿਕਲ ਗਏ ਭਗਵੰਤ ਮਾਨ ਨੂੰ ਹੁਣ ਗਰੀਬ ਲੋਕਾਂ ਨੂੰ ਰਾਸ਼ਨ ਦੇਣ ਦੀ ਯਾਦ ਆ ਗਈ ਜਦਕਿ ਇਸ ਤੋਂ ਪਹਿਲਾਂ ਅਕਾਲੀ ਸਰਕਾਰ ਵੇਲੇ ਸਰਕਾਰ ਵੇਲੇ ਸ਼ੁਰੂ ਕੀਤੀ ਆਟਾ ਦਾਲ ਸਕੀਮ ਉੱਤੇ ਉਸ ਵਲੋਂ ਕਿੰਤੂ ਪ੍ਰੰਤੂ ਕੀਤੀ ਜਾਂਦੀ ਸੀ। ਪੰਜਾਬ ਚ ਨਵਾਂ ਡੀਜੀਪੀ ਲਾਉਣ ਸਬੰਧੀ ਯੂਪੀਐਸਸੀ ਵੱਲੋਂ ਮੰਗੇ ਪੈਨਲ ਤੇ ਮੁੱਦੇ ‘ਤੇ ਉਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਸੀ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ ਹੁਣ ਇਸ ਐਕਟਿੰਗ ਡੀਜੀਪੀ ਨੂੰ ਹਟਾ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਨੂੰ ਕੰਮ ਕਰਨ ਵਾਲੇ ਸਥਾਈ ਅਸਲੀ ਡੀਜੀਪੀ ਦੀ ਲੋੜ ਹੈ ਨਾ ਕਿ ਐਕਟਿੰਗ ਡੀਜੀਪੀ ਦੀ ਜੋ ਸਿਰਫ ਉਹਨਾਂ ਦੀ ਗੱਲ ਸੁਣੇ ਅਤੇ ਉਹਨਾਂ ਦੀ ਸੁਰੱਖਿਆ ਦੇ ਇੰਤਜ਼ਾਮ ਕਰੇ, ਜੋ ਆਮ ਆਦਮੀ ਪਾਰਟੀ ਦੀ ਗੱਲ ਕਰਨ ਤੇ ਉਹਨਾਂ ਦੀਆਂ ਸਿਫਤਾਂ ਕਰਨ। ਉਨਾਂ ਕਿਹਾ ਕਿ ਪੁਲਿਸ ਅਤੇ ਵਿਜੀਲੈਂਸ ਨੂੰ ਸਿਆਸੀ ਵਿਰੋਧੀਆਂ ਵਿਰੁਧ ਬਦਲਾਖੋਰੀ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਇੱਕ ਵਾਰ ਫਿਰ ਮੁੱਖ ਮੰਤਰੀ ਨੂੰ ਵੰਗਾਰਦਿਆਂ ਕਿਹਾ ਕਿ ਉਨਾਂ ਉੱਤੇ ਜਿੰਨੇ ਪਰਚੇ ਦੇਣੇ ਹਨ, ਦੇ ਲਓ ਪਰ ਪੰਜਾਬ ਅਤੇ ਪੰਜਾਬੀਆਂ ਦੇ ਹੱਕ ਵਿੱਚ ਗੱਲ ਕਰਨ ਤੋਂ ਨਾ ਪਿੱਛੇ ਹਟਣਗੇ ਨਾ ਝੁਕਣਗੇ। ਉਨਾਂ ਹਲਕਾ ਮਜੀਠਾ ‘ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਦਲਾਅ ਦਾ ਨਾਅਰਾ ਲਾ ਕੇ ਅਤੇ ਝੂਠੇ ਵਾਅਦੇ ਕਰਕੇ ਸੱਤਾ ਹਾਸਿਲ ਕਰਨ ਵਾਲੀ ਦਿੱਲੀ ਦੀ ਜੁੰਡਲੀ ਨੂੰ ਪੰਜਾਬ ਤੋਂ ਬਾਹਰ ਕਰਨ ਲਈ ਇਕੱਠੇ ਹੋ ਜਾਓ ਤੇ ਪੰਜਾਬ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਅਪਣੀ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਓ ਤੇ ਪੰਜਾਬ ਨੂੰ ਬਚਾਓ।

Leave a Reply

Your email address will not be published. Required fields are marked *