ਪੰਜਾਬ ਦੇ ਕਈ ਇਲਾਕਿਆਂ ਵਿਚ ਸਵੇਰ ਤੋਂ ਪੈ ਰਿਹਾ ਮੀਂਹ, ਕਈ ਥਾਈਂ ਛਾਏ ਕਾਲੇ ਬੱਦਲ


ਪੰਜਾਬ, 6 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਭਾਰੀ ਮੀਂਹ ਕਾਰਨ ਜ਼ਿਆਦਾਤਰ ਜ਼ਿਲ੍ਹੇ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ। ਸ਼ੁੱਕਰਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ।
ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਮੁਹਾਲੀ, ਹੁਸ਼ਿਆਰਪੁਰ ਤੇ ਲੁਧਿਆਣਾ ਵਿਚ ਮੀਂਹ ਪੈ ਰਿਹਾ ਹੈ। ਸੂਬੇ ਦੇ ਕਈ ਇਲਾਕਿਆਂ ਵਿਚ ਬੱਦਲਵਾਈ ਛਾਈ ਹੋਈ ਹੈ।
ਦੱਸ ਦੇਈਏ ਕਿ ਮੌਸਮ ਵਿਭਾਗ ਨੇ ਲੁਧਿਆਣਾ, ਰੂਪਨਗਰ, ਮੋਗਾ, ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਵਿੱਚ ਦਰਮਿਆਨੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।
ਦੱਸਣਯੋਗ ਹੈ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਪੰਜਾਬ ‘ਚ ਮੀਂਹ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ। ਖੇਤਾਂ ‘ਚ ਖੜ੍ਹੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ ਅਤੇ ਸੜਕਾਂ ਅਤੇ ਪੁਲ ਟੁੱਟ ਚੁੱਕੇ ਹਨ। ਕਈ ਗਰੀਬ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਹਨ ਅਤੇ ਪੰਜਾਬ ਸਰਕਾਰ ਵਲੋਂ ਲਗਾਤਾਰ ਰਾਹਤ ਕਾਰਜ ਜਾਰੀ ਹਨ।