ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਧਮਕੀਆਂ ਦੇਣ ਵਾਲੇ ਦੋਸ਼ੀ ਨੂੰ ਬਿਨਾਂ ਦੇਰੀ ਲੱਭ ਕੇ ਖ਼ਾਲਸਾ ਪੰਥ ਦੇ ਸਾਹਮਣੇ ਕੀਤਾ ਜਾਵੇ ਨਸ਼ਰ- ਜਥੇਦਾਰ ਗੜਗੱਜ

0
PHOTO-2025-07-18-20-15-07

ਸ੍ਰੀ ਅੰਮ੍ਰਿਤਸਰ, 19 ਜੁਲਾਈ, 2025 (ਨਿਊਜ਼ ਟਾਊਨ ਨੈਟਵਰਕ) :

ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਈ-ਮੇਲਾਂ ਰਾਹੀਂ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਜਾਂਚ ਏਜੰਸੀਆਂ ਨੂੰ ਆਖਿਆ ਕਿ ਬਿਨਾਂ ਦੇਰੀ ਇਹ ਘਿਨੌਣੀ ਹਰਕਤ ਕਰਨ ਵਾਲੇ ਦੋਸ਼ੀ ਵਿਅਕਤੀ ਨੂੰ ਖ਼ਾਲਸਾ ਪੰਥ ਦੇ ਸਾਹਮਣੇ ਨਸ਼ਰ ਕੀਤਾ ਜਾਵੇ। ਉਨ੍ਹਾਂ ਪੰਜਾਬ ਪੁਲਿਸ ਵੱਲੋਂ ਫ਼ਰੀਦਾਬਾਦ ਤੋਂ ਸ਼ੁਭਮ ਦੁਬੇ ਨਾਮ ਦੇ ਵਿਅਕਤੀ ਨੂੰ ਸ਼ੱਕੀ ਵਜੋਂ ਪੁੱਛਗਿੱਛ ਲਈ ਹਿਰਾਸਤ ਵਿੱਚ ਲੈਣ ਦੇ ਦਾਅਵੇ ਬਾਰੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਮੌਜੂਦਾ ਤਕਨੀਕੀ ਦੌਰ ਵਿੱਚ ਅਤੇ ਸਰਕਾਰ ਕੋਲ ਸਾਰੇ ਸਾਧਨ ਹੋਣ ਦੇ ਬਾਵਜੂਦ ਹੁਣ ਤੱਕ ਅਸਲ ਦੋਸ਼ੀ ਦੀ ਪਛਾਣ ਨਹੀਂ ਕੀਤੀ ਗਈ।


ਜਥੇਦਾਰ ਗੜਗੱਜ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੁਨੀਆ ਦਾ ਇੱਕੋ ਇੱਕ ਮੁਬਾਰਕ ਤੇ ਪਵਿੱਤਰ ਅਸਥਾਨ ਹੈ ਜਿੱਥੇ ਮਨੁੱਖਤਾ ਨੂੰ ਸਰਬ ਸਾਂਝੀਵਾਲਤਾ ਦਾ ਉਪਦੇਸ਼ ਅਤੇ ਸਰਬੱਤ ਦੇ ਭਲੇ ਦੀ ਰੋਜ਼ਾਨਾ ਅਰਦਾਸ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਅਸਥਾਨ ਦੇ ਚਾਰ ਦਰਵਾਜ਼ੇ ਸਮੁੱਚੀ ਮਨੁੱਖਤਾ ਦੇ ਲਈ ਖੁੱਲ੍ਹੇ ਹਨ, ਜਿੱਥੇ ਦੇਸ਼ ਵਿਦੇਸ਼ ਤੋਂ ਰੋਜ਼ਾਨਾ ਹਜ਼ਾਰਾਂ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕਿ ਪਿਛਲੇ ਦਿਨਾਂ ਤੋਂ ਆ ਰਹੀਆਂ ਧਮਕੀ ਵਾਲੀਆਂ ਈ-ਮੇਲਾਂ ਤੋਂ ਸਿੱਖ ਸੰਗਤ ਦੇ ਮਨਾਂ ਵਿੱਚ ਚਿੰਤਾ ਹੈ ਪਰ ਇਸ ਦੇ ਬਾਵਜੂਦ ਵੀ ਸੰਗਤਾਂ ਰੋਜ਼ਾਨਾ ਦੀ ਤਰ੍ਹਾਂ ਵੱਡੀ ਗਿਣਤੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹੋ ਜਿਹੀਆਂ ਈ-ਮੇਲਾਂ ਰੂਹਾਨੀਅਤ ਦੇ ਕੇਂਦਰ ਵਿਖੇ ਲਗਾਤਾਰ ਕਿਉਂ ਆ ਰਹੀਆਂ ਹਨ ਅਤੇ ਇਸ ਪਿੱਛੇ ਕੀ ਮਨਸ਼ਾ ਹੈ, ਇਹ ਗਹਿਰੀ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇੱਕ ਸ਼ੱਕੀ ਨੂੰ ਫੜੇ ਜਾਣ ਦੇ ਦਾਅਵੇ ਤੋਂ ਬਾਅਦ ਵੀ ਅੱਜ ਫਿਰ ਈ-ਮੇਲ ਆਈ ਹੈ, ਪਰ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਵੀ ਅਸਲ ਦੋਸ਼ੀ ਬਾਰੇ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਾ ਆਉਣੀ, ਇਸ ਨਾਲ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਉੱਤੇ ਵੱਡੇ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕਿਤੇ ਇਨ੍ਹਾਂ ਈ-ਮੇਲਾਂ ਕਰਨ ਵਾਲੇ ਸ਼ਰਾਰਤੀ ਅਨਸਰ ਦੀ ਮਨਸ਼ਾ ਇਹ ਤਾਂ ਨਹੀਂ ਕਿ ਸਿੱਖ ਸੰਗਤਾਂ ਦੇ ਮਨਾਂ ਵਿੱਚ ਡਰ ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਦੀਆਂ ਸੰਗਤਾਂ ਦੀ ਗਿਣਤੀ ਘਟਾਈ ਜਾਵੇ। ਦੋਸ਼ੀਆਂ ਦੀ ਮਨਸ਼ਾ ਜੱਗ ਜ਼ਾਹਰ ਹੋਣੀ ਚਾਹੀਦੀ ਹੈ, ਜੋ ਕਿ ਸੂਬਾ ਅਤੇ ਕੇਂਦਰੀ ਜਾਂਚ ਏਜੰਸੀਆਂ ਅਤੇ ਸਰਕਾਰਾਂ ਦਾ ਕੰਮ ਹੈ।


ਜਥੇਦਾਰ ਗੜਗੱਜ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਿਨਾਂ ਡਰ ਭੈਅ ਤੋਂ ਹਮੇਸ਼ਾ ਦੀ ਤਰ੍ਹਾਂ ਨਤਮਸਤਕ ਹੋਣ ਪੁੱਜਣ। ਉਨ੍ਹਾਂ ਧਮਕੀਆਂ ਦੇਣ ਵਾਲੀ ਸ਼ਕਤੀਆਂ ਨੂੰ ਕਿਹਾ ਕਿ ਡਰ ਸਿੱਖਾਂ ਦੇ ਸੁਭਾਅ ਵਿੱਚ ਨਹੀਂ ਹੈ ਇਸ ਕਰਕੇ ਉਹ ਅਜਿਹੀਆਂ ਹਰਕਤਾਂ ਨਾਲ ਸਿੱਖ ਸੰਗਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਤੋਂ ਰੋਕ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਜਦੋਂ ਸਿੱਖਾਂ ਉੱਤੇ ਪਾਬੰਦੀ ਸੀ ਸਿੱਖ ਉਦੋਂ ਵੀ ਇਸ ਪਾਵਨ ਅਸਥਾਨ ਉੱਤੇ ਦਰਸ਼ਨ ਇਸ਼ਨਾਨ ਕਰਦੇ ਰਹੇ ਹਨ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *