ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਵਾਂ ਸਿਲੇਬਸ ਕੀਤਾ ਜਾਰੀ

ਪਹਿਲੀ ਜਮਾਤ ਤੋਂ 12ਵੀਂ ਜਮਾਤ ਤਕ ਦਾ ਬਦਲਿਆ ਸਿਲੇਬਸ

ਮੋਹਾਲੀ, 3 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ 2025-26 ਦੇ ਅਕਾਦਮਿਕ ਸੈਸ਼ਨ ਲਈ ਪਹਿਲੀ ਤੋਂ ਬਾਰ੍ਹਵੀਂ ਜਮਾਤ ਤਕ ਦੇ ਸਿਲੇਬਸ ਵਿਚ ਬਦਲਾਅ ਕੀਤਾ ਹੈ। ਬੋਰਡ ਨੇ ਨਵਾਂ ਵਿਸ਼ਾ-ਵਾਰ ਸਿਲੇਬਸ ਜਾਰੀ ਕੀਤਾ ਹੈ। ਵਿਦਿਆਰਥੀ/ਮਾਪੇ ਅਤੇ ਅਧਿਆਪਕ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅੱਪਡੇਟ ਕੀਤੇ ਸਿਲੇਬਸ ਦੀ ਪੀਡੀਐਫ਼ ਡਾਊਨਲੋਡ ਕਰ ਸਕਦੇ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਜਾਰੀ ਕੀਤੇ ਗਏ ਇਸ ਨਵੇਂ ਸਿਲੇਬਸ ਨੂੰ ਵਿਸ਼ੇ-ਵਾਰ ਵਿਵਸਥਿਤ ਕੀਤਾ ਗਿਆ ਹੈ। ਨਾਲ ਹੀ ਅੰਗਰੇਜ਼ੀ ਪ੍ਰੈਕਟੀਕਲ ਸਮੱਗਰੀ ਵੀ ਸ਼ਾਮਲ ਕੀਤੀ ਗਈ ਹੈ ਤਾਂ ਜੋ ਵਿਦਿਆਰਥੀ ਭਾਸ਼ਾ ‘ਤੇ ਆਪਣੀ ਮੁਹਾਰਤ ਵਧਾ ਸਕਣ। ਪਹਿਲੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਸਿਲੇਬਸ ਨੂੰ ਸਰਲ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।
ਬੋਰਡ ਦੇ ਅਨੁਸਾਰ ਪਹਿਲੀ ਤੋਂ ਚੌਥੀ ਜਮਾਤ ਅਤੇ ਛੇਵੀਂ ਜਮਾਤ ਦੇ ਸਿਲੇਬਸ ਨੂੰ ਸਮੂਹਿਕ ਰੂਪ ਵਿਚ ਇਕੱਠੇ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਵੀਂ, ਅੱਠਵੀਂ, ਨੌਵੀਂ, ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਲਈ ਵੱਖਰਾ ਕਲਾਸ-ਅਧਾਰਤ ਵਿਸ਼ਾ-ਵਾਰ ਸਿਲੇਬਸ ਉਪਲਬਧ ਹੈ। ਇਸ ਨਾਲ ਵਿਦਿਆਰਥੀਆਂ ਨੂੰ ਆਪਣੀ ਲੋੜ ਅਨੁਸਾਰ ਸਹੀ ਅਤੇ ਵਰਗੀਕ੍ਰਿਤ ਜਾਣਕਾਰੀ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ।
ਬੋਰਡ ਨੇ ਆਪਣੀ ਵੈੱਬਸਾਈਟ ‘ਤੇ ਅਕਾਦਮਿਕ ਸਿਲੇਬਸ ਦੇ ਨਾਲ ਅੰਗਰੇਜ਼ੀ ਪ੍ਰੈਕਟੀਕਲ ਸਮੱਗਰੀ ਵੀ ਅਪਲੋਡ ਕੀਤੀ ਹੈ। ਇਸ ਵਿਚ ਹਦਾਇਤਾਂ, ਆਡੀਓ ਫ਼ਾਈਲਾਂ ਅਤੇ ਵਰਕਸ਼ੀਟਾਂ ਸ਼ਾਮਲ ਹਨ, ਜੋ ਵਿਸ਼ੇਸ਼ ਤੌਰ ‘ਤੇ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਦੀ ਸੁਣਨ ਅਤੇ ਸੰਚਾਰ ਸਮਰੱਥਾ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਨਗੀਆਂ।
ਜ਼ਿਕਰਯੋਗ ਹੈ ਕਿ ਨਵੇਂ ਸਿਲੇਬਸ ਵਿਚ ਸਮੱਗਰੀ ਨੂੰ ਅਪਡੇਟ ਕੀਤਾ ਗਿਆ ਹੈ, ਮਾਰਕਿੰਗ ਸਕੀਮ ਦੇ ਨਾਲ-ਨਾਲ ਪ੍ਰੈਕਟੀਕਲ ਮੁਲਾਂਕਣ ਲਈ ਦਿਸ਼ਾ-ਨਿਰਦੇਸ਼ ਵੀ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ, ਰਿਕਾਰਡ ਕੀਤੇ ਆਡੀਉ ਕਲਿੱਪਾਂ ਅਤੇ ਗਾਈਡਡ ਵਰਕਸ਼ੀਟਾਂ ਵਰਗੇ ਡਿਜੀਟਲ ਸਰੋਤ ਸ਼ਾਮਲ ਕੀਤੇ ਗਏ ਹਨ, ਖਾਸ ਕਰ ਕੇ ਅੰਗਰੇਜ਼ੀ ਵਿਸ਼ੇ ਲਈ। ਤਾਂ ਜੋ ਵਿਦਿਆਰਥੀਆਂ ਦੀ ਸਮੁੱਚੀ ਭਾਸ਼ਾ ਸਮਝ ਅਤੇ ਪ੍ਰਦਰਸ਼ਨ ਨੂੰ ਬਿਹਤਰ ਬਣਾਇਆ ਜਾ ਸਕੇ। ਇਸ ਸਬੰਧ ਵਿਚ ਵਧੇਰੇ ਜਾਣਕਾਰੀ ਲਈ ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ।