ਪੰਜਾਬ ਨੈਸ਼ਨਲ ਬੈਂਕ ਨੂੰ 5000 ਰੁਪਏ ਮੁਆਵਜ਼ੇ ਵਜੋਂ ਦੇਣ ਦਾ ਹੁਕਮ, ਬੈਂਕ ਅਧਿਕਾਰੀ ਰੁਚੀ ਨਾਲ ਕਰ ਰਹੇ ਸਨ ਬੇਇਨਸਾਫ਼ੀ


ਬਠਿੰਡਾ, 12 ਜੁਲਾਈ, 2025 ( ਨਿਊਜ਼ ਟਾਊਨ ਨੈੱਟਵਰਕ ) :
ਬਠਿੰਡਾ ਦੀ ਖਪਤਕਾਰ ਅਦਾਲਤ ਨੇ ਇਕ ਮਾਮਲੇ ਵਿਚ ਪੰਜਾਬ ਨੈਸ਼ਨਲ ਬੈਂਕ ਨੂੰ ਬਠਿੰਡਾ ਨਿਵਾਸੀ ਰੁਚੀ ਨੂੰ 5000 ਰੁਪਏ ਮੁਆਵਜ਼ੇ ਵਜੋਂ ਦੇਣ ਦਾ ਹੁਕਮ ਦਿੱਤਾ ਹੈ। ਮਾਮਲਾ ਇਹ ਹੈ ਕਿ ਰੁਚੀ ਦੇ ਪੰਜਾਬ ਨੈਸ਼ਨਲ ਬੈਂਕ ਵਿਚ ਦੋ ਵੱਖ-ਵੱਖ ਖਾਤੇ ਸਨ। ਉਸ ਨੇ ਕਈ ਸਾਲ ਪਹਿਲਾਂ ਇਕ ਖਾਤਾ ਬੰਦ ਕਰਨ ਦਾ ਫੈਸਲਾ ਕੀਤਾ ਸੀ ਅਤੇ ਬੈਂਕ ਨੂੰ ਇਸ ਬਾਰੇ ਕਿਹਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਕਦੇ ਵੀ ਉਸ ਖਾਤੇ ਦੀ ਵਰਤੋਂ ਨਹੀਂ ਕੀਤੀ। ਉਸ ਨੇ ਪੰਜਾਬ ਨੈਸ਼ਨਲ ਬੈਂਕ ਦੀ ਇਕ ਹੋਰ ਸ਼ਾਖਾ ਵਿਚ ਇਕ ਨਵਾਂ ਖਾਤਾ ਖੁਲਵਾਇਆ, ਜਿਹੜਾ ਕਿ ਉਸ ਦੀ ਤਨਖਾਹ ਨਾਲ ਸਬੰਧਤ ਸੀ। ਕੁਝ ਸਮੇਂ ਬਾਅਦ ਬੈਂਕ ਵੱਲੋਂ ਉਸਦਾ ਤਨਖਾਹ ਖਾਤਾ ਬੰਦ ਕਰ ਦਿੱਤਾ ਗਿਆ ਅਤੇ ਫ੍ਰੀਜ਼ ਕਰ ਦਿੱਤਾ ਗਿਆ।
ਇਸ ਬਾਰੇ ਰੁਚੀ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ। ਜਦੋਂ ਉਹ ਆਪਣੀ ਤਨਖਾਹ ਕਢਵਾਉਣ ਲਈ ਬੈਂਕ ਗਈ ਤਾਂ ਉਸਨੂੰ ਪਤਾ ਲੱਗਾ ਕਿ ਉਸਦਾ ਖਾਤਾ ਫ੍ਰੀਜ਼ ਕਰ ਦਿੱਤਾ ਗਿਆ ਹੈ। ਬੈਂਕ ਨਾਲ ਗੱਲ ਕਰਨ ‘ਤੇ ਉਸ ਨੂੰ ਪਤਾ ਲੱਗਾ ਕਿ ਉਸਦਾ ਖਾਤਾ ਫ੍ਰੀਜ਼ ਕਰ ਦਿੱਤਾ ਗਿਆ ਹੈ ਕਿਉਂਕਿ ਉਸਦਾ ਪੁਰਾਣਾ ਬੈਂਕ ਖਾਤਾ ਚੱਲ ਰਿਹਾ ਹੈ ਅਤੇ ਜੁਰਮਾਨੇ ਕਾਰਨ, ਉਸ ਖਾਤੇ ਦਾ ਬਕਾਇਆ ਖੜ੍ਹਾ ਹੈ।
ਬੈਂਕ ਅਧਿਕਾਰੀ ਨੇ ਕਿਹਾ ਕਿ ਪਹਿਲਾਂ ਪੁਰਾਣੇ ਖਾਤੇ ਵਿਚ ਖੜ੍ਹੀ ਬਕਾਇਆ ਰਾਸ਼ੀ ਭਰ ਕੇ ਖਾਤਾ ਬੰਦ ਕਰਵਾਇਆ ਜਿਸ ਤੋਂ ਬਾਅਦ ਹੀ ਉਸਦਾ ਤਨਖਾਹ ਖਾਤਾ ਚਾਲੂ ਕੀਤਾ ਜਾਵੇਗਾ। ਪਰ ਰੁਚੀ ਨੇ ਕਿਹਾ ਕਿ ਇਸ ਵਿਚ ਉਸਦਾ ਕੋਈ ਕਸੂਰ ਨਹੀਂ ਹੈ, ਪਰ ਜਦੋਂ ਬੈਂਕ ਅਧਿਕਾਰੀ ਨੇ ਉਸਦੀ ਗੱਲ ਨਹੀਂ ਸੁਣੀ, ਤਾਂ ਉਸਨੇ ਵਕੀਲ ਵਰੁਣ ਬਾਂਸਲ ਰਾਹੀਂ ਖਪਤਕਾਰ ਅਦਾਲਤ ਬਠਿੰਡਾ ਵਿਚ ਕੇਸ ਦਾਇਰ ਕੀਤਾ। ਜਿਵੇਂ ਹੀ ਅਦਾਲਤ ਦਾ ਨੋਟਿਸ ਭੇਜਿਆ ਗਿਆ। ਬੈਂਕ ਨੇ ਉਸਦਾ ਪੁਰਾਣਾ ਖਾਤਾ ਬੰਦ ਕਰ ਦਿੱਤਾ ਅਤੇ ਸਾਰੀ ਜੁਰਮਾਨੇ ਦੀ ਰਕਮ ਮਾਫ਼ ਕਰ ਦਿੱਤੀ। ਅਦਾਲਤ ਨੇ ਇਸਨੂੰ ਬੈਂਕ ਦੀ ਸੇਵਾ ਵਿਚ ਕਮੀ ਮੰਨਿਆ ਅਤੇ ਰੁਚੀ ਨੂੰ ਹੋਏ ਨੁਕਸਾਨ ਲਈ 5000 ਰੁਪਏ ਮੁਆਵਜ਼ੇ ਵਜੋਂ ਦੇਣ ਦਾ ਹੁਕਮ ਦਿੱਤਾ।
