ਹੜ੍ਹਾਂ ਦੀ ਮਾਰ ਚੱਲ ਰਿਹਾ ਪੰਜਾਬ, ਗੁਆਂਢੀ ਸੂਬਿਆਂ ਨੇ ਪਾਣੀ ਲੈਣ ਤੋਂ ਕੀਤਾ ਇਨਕਾਰ !


ਪੰਜਾਬ, 5 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਪੰਜਾਬ ਅੱਜ ਹੜ੍ਹਾਂ ਦੀ ਮਾਰ ਹੇਠ ਹੈ। ਪੰਜਾਬ ਦੇ 1902 ਪਿੰਡਾਂ ਦੀ 3.84 ਲੱਖ ਤੋਂ ਵੱਧ ਦੀ ਆਬਾਦੀ ਹੜ੍ਹਾਂ ਦੀ ਮਾਰ ਹੇਠ ਆਈ ਹੋਈ ਹੈ। ਸੂਬੇ ਵਿਚ 1.71 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿਚ ਫ਼ਸਲਾਂ ਤਬਾਹ ਹੋ ਗਈਆਂ ਹਨ। ਸਭ ਤੋਂ ਵੱਧ ਪ੍ਰਭਾਵਤ ਜ਼ਿਲ੍ਹਿਆਂ ’ਚ ਗੁਰਦਾਸਪੁਰ, ਅੰਮ੍ਰਿਤਸਰ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਕਪੂਰਥਲਾ ਅਤੇ ਮਾਨਸਾ ਸ਼ਾਮਲ ਹਨ।
ਅੱਜ ਹੜ੍ਹਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੀ ਮਦਦ ਕਰਨ ਦੀ ਬਜਾਏ ਗੁਆਂਢੀ ਸੂਬਿਆਂ ਨੇ ਆਪਣੇ ਪੈਰ ਪਿੱਛੇ ਖਿੱਚ ਲਏ ਹਨ। ਗੁਆਂਢੀ ਸੂਬਿਆਂ ਨੇ ਨਹਿਰਾਂ ’ਚ ਪਾਣੀ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਹਰਿਆਣਾ ਅਤੇ ਰਾਜਸਥਾਨ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖੇ ਹਨ ਕਿ ਉਹ ਨਹਿਰਾਂ ਜ਼ਰੀਏ ਪੰਜਾਬ ’ਤੋਂ ਬਿਲਕੁਲ ਵੀ ਪਾਣੀ ਨਹੀਂ ਲੈਣਾ ਚਾਹੁੰਦੇ ਹਨ। ਹਰਿਆਣਾ ਸਰਕਾਰ ਨੇ ਆਪਣੇ ਸੂਬੇ ’ਚ ਹੜ੍ਹਾਂ ਦੀ ਸਥਿਤੀ ਦਾ ਹਵਾਲਾ ਦਿੱਤਾ ਹੈ। ਇਸੇ ਤਰ੍ਹਾਂ ਰਾਜਸਥਾਨ ਸਰਕਾਰ ਨੇ ਗੰਗਾਨਗਰ ਅਤੇ ਸ੍ਰੀ ਹਨੂਮਾਨਗੜ੍ਹ ’ਚ ਘੱਗਰ ਦਾ ਪਾਣੀ ਪੁੱਜਣ ਦੀ ਗੱਲ ਆਖੀ ਹੈ।
ਹਰਿਆਣਾ ਦੇ ਜਲ ਸਰੋਤ ਵਿਭਾਗ ਦੇ ਅਧਿਕਾਰੀ ਨੇ ਪੰਜਾਬ ਦੇ ਮੁੱਖ ਇੰਜਨੀਅਰ (ਨਹਿਰਾਂ) ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਘੱਗਰ ਦਾ ਪਾਣੀ ਨਰਵਾਣਾ ਬਰਾਂਚ ’ਚ ਦਾਖ਼ਲ ਹੋ ਚੁੱਕਾ ਹੈ ਅਤੇ ਹਰਿਆਣਾ ’ਚ ਮੀਂਹ ਪਏ ਹਨ ਜਿਸ ਕਾਰਨ ਨਹਿਰੀ ਪਾਣੀ ਦੀ ਮੰਗ ਘੱਟ ਗਈ ਹੈ। ਉਨ੍ਹਾਂ ਨਰਵਾਣਾ ਬਰਾਂਚ ’ਚ ਜਿਥੇ ਪਹਿਲਾਂ 2550 ਕਿਊਸਕ ਪਾਣੀ ਦੀ ਐਲੋਕੇਸ਼ਨ ਸੀ, ਉਸ ਨੂੰ ਜ਼ੀਰੋ ਕਰਨ ਲਈ ਕਿਹਾ ਹੈ।
ਦੱਸਣਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ। ਰਾਜਸਥਾਨ ਸਰਕਾਰ ਨੇ ਵੀ 3 ਸਤੰਬਰ ਨੂੰ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇੰਦਰਾ ਗਾਂਧੀ ਫੀਡਰ ’ਚ ਪਾਣੀ ਨਾ ਦਿੱਤਾ ਜਾਵੇ।