ਪੰਜਾਬ ਏਟੀਐਮ ਬਣ ਗਿਆ, ਦਿੱਲੀ ਵਾਲੇ ਲੁੱਟਣ ‘ਚ ਮਸ਼ਰੂਫ਼ : ਪ੍ਰਤਾਪ ਬਾਜਵਾ


ਚੰਡੀਗੜ੍ਹ, 1 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਸੀਨੀਅਰ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਕ ਵਾਰ ਫਿਰ ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿਚ ਹਰ ਤਿਮਾਹੀ ਇਕ ਨਵੇਂ ਕਰਜ਼ੇ ਨਾਲ ਸ਼ੁਰੂ ਹੁੰਦੀ ਹੈ ਪਰ ਸਰਕਾਰ ਦੀਆਂ ਨੀਤੀਆਂ ਅਤੇ ਸ਼ਰਤਾਂ ਉਹੀ ਪੁਰਾਣੀਆਂ ਹਨ।
ਬਾਜਵਾ ਨੇ ਇਲਜ਼ਾਮ ਲਗਾਇਆ ਕਿ ਜੁਲਾਈ ਤੋਂ ਸਤੰਬਰ 2025 ਦੇ ਵਿਚਕਾਰ ਪੰਜਾਬ ਸਰਕਾਰ 8,500 ਕਰੋੜ ਦਾ ਨਵਾਂ ਕਰਜ਼ਾ ਲਵੇਗੀ। ਇਸ ਦਾ ਮਤਲਬ ਹੈ ਕਿ ਰਾਜ ਹਰ ਰੋਜ਼ ਔਸਤਨ 92 ਕਰੋੜ ਦਾ ਨਵਾਂ ਕਰਜ਼ਾ ਜੋੜੇਗਾ। ਉਨ੍ਹਾਂ ਇਸ ਸਥਿਤੀ ਨੂੰ ਅਰਵਿੰਦ ਕੇਜਰੀਵਾਲ ਦੇ ‘ਮਾਡਲ ਗਵਰਨੈਂਸ’ ਦੀ ਅਸਫਲਤਾ ਦੱਸਿਆ।
ਬਾਜਵਾ ਨੇ ਕਿਹਾ ਕਿ ਖਰਚੇ ਲਗਾਤਾਰ ਵਧ ਰਹੇ ਹਨ ਪਰ ਸੂਬੇ ਦੀ ਆਮਦਨ ਵਿਚ ਕੋਈ ਖਾਸ ਵਾਧਾ ਨਹੀਂ ਹੋਇਆ ਹੈ। ਅਜਿਹੀ ਸਥਿਤੀ ਵਿਚ ਕੇਜਰੀਵਾਲ ਦੀ ਦਿੱਲੀ ਟੀਮ ਲਗਾਤਾਰ ਪੰਜਾਬ ਦੇ ਸਰੋਤਾਂ ਨੂੰ ਖਤਮ ਕਰ ਰਹੀ ਹੈ।
ਕਾਂਗਰਸ ਆਗੂ ਨੇ ਚੇਤਾਵਨੀ ਦਿਤੀ ਕਿ ਜੇਕਰ ਮੌਜੂਦਾ ਦਰ ਨਾਲ ਕਰਜ਼ਾ ਲਿਆ ਜਾਂਦਾ ਰਿਹਾ ਤਾਂ ਮਾਰਚ 2026 ਤੱਕ ਪੰਜਾਬ ਦਾ ਕੁੱਲ ਕਰਜ਼ਾ 4 ਲੱਖ ਕਰੋੜ ਰੁਪਏ ਤੋਂ ਪਾਰ ਹੋ ਜਾਵੇਗਾ। ਇਸ ਸਥਿਤੀ ਵਿਚ ਹਰ ਪੰਜਾਬੀ ‘ਤੇ ਔਸਤਨ 1.33 ਲੱਖ ਰੁਪਏ ਦਾ ਕਰਜ਼ਾ ਹੋਵੇਗਾ। ਉਨ੍ਹਾਂ ਇਸਨੂੰ ਆਮ ਆਦਮੀ ਪਾਰਟੀ ਦੀ ‘ਝੂਠੀ ਰਾਜਨੀਤੀ ਅਤੇ ਖਾਲੀ ਵਾਅਦੇ’ ਦਾ ਨਤੀਜਾ ਦੱਸਿਆ।
ਸੂਬੇ ਦੇ ਵਿੱਤੀ ਘਾਟੇ ਦਾ ਹਵਾਲਾ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਪੰਜਾਬ ਦਾ ਘਾਟਾ ਸਿਰਫ਼ ਅਪ੍ਰੈਲ ਅਤੇ ਮਈ 2025 ਵਿਚ 5,513 ਕਰੋੜ ਰੁਪਏ ਤੋਂ ਪਾਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਕਿਸਾਨ, ਉਦਯੋਗ, ਨੌਜਵਾਨ ਅਤੇ ਆਮ ਪਰਿਵਾਰ ਆਰਥਿਕ ਸੰਕਟ ਨਾਲ ਜੂਝ ਰਹੇ ਹਨ, ਦੂਜੇ ਪਾਸੇ ਦਿੱਲੀ ਦੇ ਆਗੂ ਪੰਜਾਬ ਨੂੰ ਲੁੱਟ ਰਹੇ ਹਨ।
ਬਾਜਵਾ ਨੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਦਿੱਲੀ ਵਾਲੇ ਕਮਾਈ ਰੱਖਦੇ ਹਨ ਤੇ ਪੰਜਾਬ ਨੂੰ ਸਿਰਫ਼ ਏਟੀਐਮ ਵਜੋਂ ਵਰਤਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀ ਪੰਜਾਬ ਨੂੰ ਸਿਰਫ਼ ਵੋਟ ਬੈਂਕ ਸਮਝਦੇ ਹਨ, ਸੇਵਾ ਦੀ ਜਗ੍ਹਾ ਨਹੀਂ। ਬਾਜਵਾ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਆਰਥਿਕ ਨਿਯੰਤਰਣ ਅਤੇ ਰਾਜਨੀਤਿਕ ਸ਼ੋਸ਼ਣ ਵਿਰੁੱਧ ਇੱਕਜੁੱਟ ਹੋਣ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਕਰਨ।
