ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦਾ ਦੀਵਾਲਾ ਨਿਕਲਿਆ


(ਨਿਊਜ਼ ਟਾਊਨ ਨੈਟਵਰਕ)
ਫ਼ਤਹਿਗੜ੍ਹ ਸਾਹਿਬ, 23 ਸਤੰਬਰ : ਸਿਹਤ ਵਿਭਾਗ ਅਧੀਨ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਵਲੋਂ ਪਿਛਲੇ ਦੋ ਮਹੀਨੇ ਤੋਂ ਸਮੇਂ ਸਿਰ ਤਨਖ਼ਾਹ ਨਾ ਮਿਲਣ ਕਾਰਨ ਪੰਜਾਬ ਸਰਕਾਰ ਵਿਰੁਧ ਜ਼ਿਲ੍ਹਾ ਪੱਧਰ ਤੇ ਸਿਵਲ ਸਰਜਨ ਦਫ਼ਤਰ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ। ਇਸ ਸਬੰਧੀ ਪ੍ਰੈੱਸ ਨੁੰ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਹੈਲਥ ਮਿਸ਼ਨ ਦੇ ਆਗੂਆਂ ਸ੍ਰੀ ਹਰਪਾਲ ਸਿੰਘ ਸੋਢੀ, ਅਮਰਜੀਤ ਸਿੰਘ, ਡਾ. ਜਤਿੰਦਰ ਸਿੰਘ, ਸਿਮਰਨ ਕੌਰ ਅਤੇ ਡਾ. ਨਵਦੀਪ ਸਿਆਲ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨੇ ਤੋਂ ਕਰਮਚਾਰੀ ਸਮੇਂ ਸਿਰ ਤਨਖਾਹ ਨਾ ਮਿਲਣ ਕਰ ਕੇ ਬਹੁਤ ਪ੍ਰੇਸ਼ਾਨ ਹੋਏ ਪਏ ਹਨ। ਸਰਕਾਰ ਪਹਿਲਾਂ ਹੀ ਤਨਖਾਹ ਬਹੁਤ ਘੱਟ ਦੇ ਰਹੀ ਹੈ ਅਤੇ ਨਾ ਹੀ ਇਸ ਸਰਕਾਰ ਨੇ ਕਮਰਚਾਰੀਆਂ ਦੀ ਤਨਖਾਹਾਂ ਵਿਚ ਇਕ ਪੈਸੇ ਦਾ ਵਾਧਾ ਕੀਤਾ ਹੈ ਸਗੋਂ ਜਿਹੜੀ ਤਨਖਾਹ ਮਿਲ ਰਹੀ ਹੈ, ਉਹ ਵੀ ਸਮੇਂ ਸਿਰ ਨਹੀਂ ਮਿਲ ਰਹੀ। ਤਨਖ਼ਾਹ ਸਮੇਂ ਸਿਰ ਨਾ ਮਿਲਣ ਕਾਰਨ ਘਰ ਦੇ ਸਾਰੇ ਖ਼ਰਚੇ ਉਧਾਰ ਲੈ ਕੇ, ਕਰਜ਼ਾ ਚੁੱਕ ਕੇ ਕੀਤੇ ਜਾ ਰਹੇ ਹਨ। ਹਰ ਘਰ ਵਿਚ ਪੈਸੇ ਦੀ ਬਹੁਤ ਹੀ ਜ਼ਿਆਦਾ ਤੰਗੀ ਆਈ ਹੋਈ ਹੈ। ਇਸ ਮੌਕੇ ਨੈਸ਼ਨਲ ਹੈਲਥ ਮਿਸ਼ਨ ਦੇ ਆਗੂਆਂ ਨੇ ਪੰਜਾਬ ਸਰਕਾਰ ਨੁੰ ਚੇਤਵਾਨੀ ਦਿੰਦੇ ਦੱਸਿਆ ਕਿ ਜੇ ਸਰਕਾਰ ਨੇ ਮੁਲਾਜ਼ਮਾਂ ਦੀ ਜਾਇਜ਼ ਮੰਗ ਨਾ ਮੰਨੀ ਤਾਂ ਇਹ ਪੰਜਾਬ ਸਰਕਾਰ ਵਿਰੁਧ ਪ੍ਰਦਰਸ਼ਨ ਹਰ ਰੋਜ਼ ਜ਼ਿਲ੍ਹਾ ਪੱਧਰ ਤੇ ਕੀਤਾ ਜਾਵੇਗਾ। ਇਸ ਪ੍ਰਦਰਸ਼ਨ ਮੌਕੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਬਲਾਕਾਂ ਤੋਂ ਡਾ. ਨਵਦੀਪ ਸਿਆਲ, ਡਾ. ਨਵਜੋਤ ਸਿੰਘ ,ਡਾ. ਜਤਿੰਦਰ ਸਿੰਘ, ਅਵਤਾਰ ਸਿੰਘ, ਮਹਿੰਦਰ ਸਿੰਘ, ਬਿਕਰਮਜੀਤ ਸਿੰਘ, ਹਰਦੀਪ ਸਿੰਘ, ਵਿੱਕੀ ਵਰਮਾ, ਜਗਜੀਤ ਸਿੰਘ, ਜਗਦੀਪ ਸਿੰਘ, ਡਾ. ਧਰਮਿੰਦਰ ਸਿੰਘ, ਸ਼ੈਰੀ, ਸਿਮਰਨ ਕੌਰ, ਡਾ. ਕਸੀਤਿਜ ਸੀਮਾ, ਗੁਰਦੀਪ ਕੌਰ, ਡਾ. ਮੰਜੂ ਬਾਲਾ, ਮਨਪ੍ਰੀਤ ਕੌਰ, ਸਿਮਰਨਜੀਤ ਕੌਰ ਅਤੇ ਰਵਿੰਦਰ ਕੌਰ ਆਦਿ ਮੌਜੂਦ ਸਨ।