ਪੰਜਾਬ ਸਰਕਾਰ ਮੂੰਗੀ ਤੇ ਮੱਕੀ ਦੀ ਫ਼ਸਲ ਐਮਐਸਪੀ ‘ਤੇ ਖਰੀਦੇ: ਦੌਲਤਪੁਰਾ


ਮੋਗਾ, 23 ਜੂਨ (ਅਮਜਦ ਖ਼ਾਨ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਕਿਸਾਨ ਆਗੂਆਂ ਨੇ ਅੱਜ ਮੋਗਾ ਦੇ ਜ਼ਿਲ੍ਹਾ ਦਫਤਰ ਵਿਖੇ ਇਕੱਤਰ ਹੋ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਸੂਬਾ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੂੰਗੀ ਤੇ ਮੱਕੀ ਦੀ ਫ਼ਸਲ ਦੀ ਐਮਐਸਪੀ ਦੇ ਮੁੱਲ ‘ਤੇ ਖ਼ਰੀਦ ਕਰੇ।
ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਐਗਜੈਕਟਿਵ ਮੈਂਬਰ ਮੰਦਰਜੀਤ ਸਿੰਘ ਮਨਾਵਾਂ, ਜ਼ਿਲਾ ਮੀਤ ਪ੍ਰਧਾਨ ਗੁਰਮੇਲ ਸਿੰਘ ਡਰੋਲੀ ਭਾਈ, ਸਾਬਕਾ ਸਰਪੰਚ ਲਖਬੀਰ ਸਿੰਘ ਸੰਧੂਆਣਾ, ਜਿਲਾ ਆਗੂ ਬਲਕਰਨ ਸਿੰਘ ਢਿੱਲੋਂ, ਦਫਤਰ ਇੰਚਾਰਜ ਪ੍ਰਕਾਸ਼ ਸਿੰਘ ਨੇ ਕਿਹਾ ਹੈ ਕਿ ਜੋ ਇਸ ਟਾਈਮ ਵਪਾਰੀਆਂ ਵਲੋਂ ਮੂੰਗੀ ਤੇ ਮੱਕੀ ਦੀ ਖਰੀਦ ਕੀਤੀ ਜਾ ਰਹੀ ਹੈ ਉਸ ਵਿਚ ਪੂਰੀ ਤਰ੍ਹਾਂ ਕਿਸਾਨ ਦੀ ਲੁੱਟ ਹੋ ਰਹੀ ਹੈ ਕਿਉਂਕਿ ਜਿਵੇਂ ਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਅਸੀਂ ਕਿਸਾਨਾਂ ਦੀਆਂ ਫਸਲਾਂ ਉੱਤੇ ਐਮਐਸਪੀ ਦੇਵਾਂਗੇ ਤੇ ਐਮਐਸਪੀ ਦੇ ਭਾਅ ‘ਤੇ ਫਸਲਾਂ ਚੁੱਕੀਆਂ ਜਾਣਗੀਆਂ ਪਰ ਅੱਜ ਜੋ ਕਿਸਾਨ ਦੀ ਫਸਲ ਮੂੰਗੀ ਤੇ ਮੱਕੀ ਆਈ ਹੋਈ ਹੈ, ਉਸ ਦੀ ਖਰੀਦ ਅਲੱਗ ਅਲੱਗ ਜ਼ਿਲਿਆਂ ਵਿਚ ਵੱਖੋ ਵੱਖ ਭਾਅ ‘ਤੇ ਚੱਲ ਰਹੀ ਹੈ ਤੇ ਇਸ ਤਰ੍ਹਾਂ ਕਿਸਾਨ ਨਾਲ ਧੋਖਾ ਹੋ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਵਪਾਰੀ ਆਪਣੇ ਹਿਸਾਬ ਨਾਲ ਇਹਨਾਂ ਫਸਲਾਂ ਦੀ ਖਰੀਦ ਕਰ ਰਹੇ ਹਨ, ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਸਰਕਾਰੀ ਮੰਡੀ ਦੇ ਅਧੀਨ ਕਿਸਾਨਾਂ ਨੂੰ ਐਮ ਐਸ ਪੀ ਰੇਟ ਦੇ ਕੇ ਮੱਕੀ ਤੇ ਮੂੰਗੀ ਦੀ ਫਸਲ ਦੀ ਖਰੀਦ ਕਰੇ ਤਾਂ ਜੋ ਕਿਸਾਨਾਂ ਨੂੰ ਮੁਨਾਫਾ ਹੋ ਸਕੇ।