ਨਾਚਾਰਪੁਣੇ ਕਾਰਨ ਪੰਜਾਬ ਸਰਕਾਰ ਤੁਰੰਤ ਮੁਆਫ਼ੀ ਮੰਗੇ : ਧਾਮੀ


(ਨਿਊਜ਼ ਟਾਊਨ ਨੈਟਵਰਕ)
ਅੰਮ੍ਰਿਤਸਰ, 26 ਜੁਲਾਈ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼ਤਾਬਦੀ ਸਮਾਗਮ ਵਿਚ ਨੱਚਣ ਗਾਉਣ ਤੇ ਭੰਗੜੇ ਪਾਉਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਤੁਰੰਤ ਮਾਆਫ਼ੀ ਮੰਗਣੀ ਚਾਹੀਦੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਮਰਿਆਦਾ ਮੁਤਾਬਕ ਸ਼ਤਾਬਦੀਆਂ ਮਨਾਉਣੀਆਂ ਸ਼੍ਰੋਮਣੀ ਕਮੇਟੀ ਵਰਗੀਆਂ ਧਾਰਮਿਕ ਸਿੱਖ ਸੰਸਥਾਵਾਂ ਦੇ ਕਾਰਜ ਹਨ ਤੇ ਸਰਕਾਰ ਨੂੰ ਇਨ੍ਹਾਂ ਸ਼ਤਾਬਦੀ ਸਮਾਗਮਾਂ ਲਈ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਸ਼ਤਾਬਦੀ ਸਮਾਗਮਾਂ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ 350 ਨੌਵੀਂ ਪਾਤਸ਼ਾਹੀ ਦੀ ਸ਼ਹੀਦੀ ਸ਼ਤਾਬਦੀ ਅਤੇ ਦਸ਼ਮ ਪਿਤਾ ਦੀ 350 ਗੁਰੂਆਈ ਸ਼ਤਾਬਦੀ ਮਨਾਉਣਾ ਸ਼੍ਰੋਮਣੀ ਕਮੇਟੀ ਦਾ ਕੰਮ ਹੈ, ਪੰਜਾਬ ਸਰਕਾਰ ਵੱਖਰੇ ਸਮਾਗਮ ਨਾ ਕਰੇ ,ਸ਼ਰੀਕੇ ਦੀ ਭਾਵਨਾ ਨਾ ਰੱਖੋ। ਮਰਿਆਦਾ ਦੀ ਪਾਲਣਾ ਜ਼ਰੂਰੀ ਹੈ ਕਿਉਂਕਿ ਕੋਈ ਧਾਰਮਿਕ ਸਮਾਗਮ ਹੋਵੇ ਤਾਂ ਇਹ ਸੇਵਾ ਅਮ੍ਰਿਤਧਾਰੀ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਖ਼ਦਸ਼ਾ ਸੀ ਕਿ ਰਾਜਨੀਤਿਕ ਪਾਰਟੀਆਂ ਜਦੋ ਕੋਈ ਧਾਰਮਿਕ ਸਮਾਗਮ ਕਰਵਾਉਣ ਤਾਂ ਕੋਈ ਨਾ ਕੋਈ ਉਲੰਘਣਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਰਜੋਤ ਬੈਂਸ ਖੁਦ ਵੀ ਸ਼੍ਰੀਨਗਰ ਰਹੇ ਤੇ ਘੋਰ ਉਲੰਘਣਾ ਹੋਈ ਹੈ। ਮੈਂ ਅੱਜ ਵੀ ਬੇਨਤੀ ਕਰਦਾ ਹਾਂ ਕਿ ਵੱਕਾਰ ਦਾ ਸਵਾਲ ਨਾ ਬਣਾਉ। ਸ਼੍ਰੋਮਣੀ ਕਮੇਟੀ ਦੇ ਸਾਰੇ ਸ਼ਤਬਦੀ ਸਮਾਗਮਾਂ ‘ਚ ਪੰਜਾਬ ਸਰਕਾਰ ਨੂੰ ਖੁੱਲ੍ਹਾ ਸੱਦਾ ਹੈ। ਅੱਜੇ ਵੀ ਡੁੱਲੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਸਰਕਾਰ ਸਹਿਯੋਗ ਕਰੇ ਕੋਈ ਯਾਦਗਾਰ ਬਣਾਵੇ ਤਾਂ ਜੋ ਇਹ ਸਮਾਗਮ ਸਦੀਵੀਂ ਯਾਦ ਰੱਖੇ ਜਾਣ। ਦਿੱਲੀ ਕਮੇਟੀ ਦਿੱਲੀ ‘ਚ ਸਮਾਗਮ ਕਰ ਰਹੀ ਹੈ। ਹਰਿਆਣਾ, ਪਟਨਾ ਸਾਹਿਬ, ਸ੍ਰੀ ਹਜੂਰ ਸਾਹਿਬ ਵੱਖ -ਵੱਖ ਥਾਵਾਂ ‘ਤੇ ਸਮਗਮ ਕੀਤੇ ਜਾ ਰਹੇ ਹਨ ਪਰ ਇਹ ਸਾਰੇ ਮਰਿਆਦਾ ਦੇ ਧਾਰਨੀ ਹਨ। ਸੂਬਾ ਸਰਕਾਰ ਪਹਿਲਾਂ ਮੁਆਫੀ ਮੰਗੇ ਤੇ ਜ਼ਿੱਦ ਛੱਡ ਕੇ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਕਰੇ। ਇਸ ਮੌਕੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਭਾਈ ਰਜਿੰਦਰ ਸਿੰਘ ਮਹਿਤਾ ਅਤੇ ਸੁਰਜੀਤ ਸਿੰਘ ਭਿੱਟੇ ਵੱਡ ਵੀ ਹਾਜ਼ਰ ਸਨ।