ਪੰਜਾਬ ਸਰਕਾਰ ਹੁਣ ਭਿਖਾਰੀਆਂ ਦਾ ਕਰਨ ਜਾ ਰਹੀ ਹੈ ਡੀ.ਐਨ.ਏ. ਟੈਸਟ


ਭੀਖ ਮੰਗਣ ਦੀ ਆੜ ਹੇਠ ਮਨੁੱਖੀ ਤਸਕਰੀ ਦਾ ਸ਼ੱਕ
(ਦੁਰਗੇਸ਼ ਗਾਜਰੀ)
ਚੰਡੀਗੜ੍ਹ, 17 ਜੁਲਾਈ : ਪੰਜਾਬ ਸਰਕਾਰ ਨੇ ਸੂਬੇ ਭਰ ਵਿਚ ਭੀਖ ਮੰਗਣ ਵਾਲੇ ਬੱਚਿਆਂ ਦੀ ਸੁਰੱਖਿਆ ਅਤੇ ਪਛਾਣ ਲਈ ਇਕ ਵੱਡਾ ਕਦਮ ਚੁੱਕਿਆ ਹੈ। ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ‘ਆਪ੍ਰੇਸ਼ਨ ਜੀਵਨ ਜੋਤ’ ਸ਼ੁਰੂ ਕੀਤਾ ਹੈ ਜਿਸ ਤਹਿਤ ਸ਼ੱਕੀ ਹਾਲਾਤ ਵਿਚ ਭੀਖ ਮੰਗਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਡੀ.ਐਨ.ਏ. ਟੈਸਟ ਕੀਤੇ ਜਾਣਗੇ। ਇਹ ਫ਼ੈਸਲਾ ਉਨ੍ਹਾਂ ਚਿੰਤਾਜਨਕ ਘਟਨਾਵਾਂ ਦੇ ਮੱਦੇਨਜ਼ਰ ਲਿਆ ਗਿਆ ਹੈ ਜਿਨ੍ਹਾਂ ਵਿਚ ਇਹ ਸ਼ੱਕ ਕੀਤਾ ਗਿਆ ਹੈ ਕਿ ਭੀਖ ਮੰਗਣ ਵਾਲੇ ਬਹੁਤ ਸਾਰੇ ਬੱਚਿਆਂ ਦਾ ਉਨ੍ਹਾਂ ਦੇ ਨਾਲ ਆਉਣ ਵਾਲੇ ਮਰਦ ਜਾਂ ਔਰਤ ਨਾਲ ਕੋਈ ਜੈਵਿਕ ਰਿਸ਼ਤਾ ਨਹੀਂ। ਇਹ ਵੀ ਡਰ ਹੈ ਕਿ ਇਨ੍ਹਾਂ ਬੱਚਿਆਂ ਨੂੰ ਮਨੁੱਖੀ ਤਸਕਰੀ ਰਾਹੀਂ ਸ਼ਹਿਰਾਂ ਵਿਚ ਲਿਆਂਦਾ ਜਾ ਰਿਹਾ ਹੈ ਅਤੇ ਭੀਖ ਮੰਗਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸਰਕਾਰ ਵਲੋਂ ਉਲੀਕੀ ਗਈ ਯੋਜਨਾ ਮੁਤਾਬਕ ਬੱਚਿਆਂ ਨੂੰ ਅਪਣੇ ਕੰਟਰੋਲ ਵਿਚ ਲੈ ਕੇ ਇਲਾਜ ਕਰਵਾਇਆ ਜਾਵੇਗਾ। ਇਲਾਜ ਤੋਂ ਬਾਅਦ ਬੱਚਿਆਂ ਦੇ ਘਰ ਦਾ ਪਤਾ ਲਗਾਇਆ ਜਾਵੇਗਾ। ਘਰ ਦਾ ਪਤਾ ਨਾ ਲੱਗਣ ’ਤੇ ਡੀ.ਐਨ.ਏ. ਟੈਸਟ ਹੋਵੇਗਾ। ਇਹ ਟੈਸਟ ਡਿਪਟੀ ਕਮਿਸ਼ਨਰ, ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਤੇ ਸਿਵਲ ਸਰਜਨ ਦੀ ਦੇਖ-ਰੇਖ ਵਿਚ ਕੀਤੇ ਜਾਣਗੇ। ਵੱਡੇ ਸ਼ਹਿਰਾਂ ਵਿਚ, ਔਰਤਾਂ ਅਕਸਰ ਲਾਲ ਬੱਤੀਆਂ ਜਾਂ ਬਾਹਰ ਧਾਰਮਕ ਸਥਾਨਾਂ ‘ਤੇ ਮਾਸੂਮ ਬੱਚਿਆਂ ਨੂੰ ਅਪਣੀ ਗੋਦ ਵਿਚ ਲੈ ਕੇ ਭੀਖ ਮੰਗਦੀਆਂ ਦਿਖਾਈ ਦਿੰਦੀਆਂ ਹਨ। ਸਮਾਜ ਵਿਚ ਹਮਦਰਦੀ ਦੀ ਭਾਵਨਾ ਕਾਰਨ, ਲੋਕ ਅਕਸਰ ਅਜਿਹੇ ਬੱਚਿਆਂ ਨੂੰ ਕੁਝ ਪੈਸੇ ਦਿੰਦੇ ਹਨ ਪਰ ਕਿਤੇ ਨਾ ਕਿਤੇ ਇਹ ਵਿਵਹਾਰ ਅਨਜਾਣੇ ਵਿਚ ਬੱਚਿਆਂ ਦੀ ਤਸਕਰੀ ਅਤੇ ਸ਼ੋਸ਼ਣ ਨੂੰ ਉਤਸ਼ਾਹਤ ਕਰ ਸਕਦਾ ਹੈ। ਸਰਕਾਰ ਦਾ ਮੰਨਣਾ ਹੈ ਕਿ ਇਹ ਮੁੱਦਾ ਸਿਰਫ਼ ਗ਼ਰੀਬੀ ਦਾ ਨਹੀਂ ਹੈ ਸਗੋਂ ਸੰਗਠਤ ਅਪਰਾਧ ਦਾ ਹਿੱਸਾ ਵੀ ਬਣ ਗਿਆ ਹੈ।