ਰੇਤ ਮਾਫੀਆ ਅੱਗੇ ਨਤਮਸਤਕ ਪੰਜਾਬ ਸਰਕਾਰ, ਕਿਸਾਨਾਂ ਦੀ ਲੁੱਟ ਜਾਰੀ : ਕਿਸਾਨ ਯੂਨੀਅਨ


ਸਾਹਨੇਵਾਲ, 3 ਫਰਵਰੀ (ਸੋਨੂੰ ਭਾਟੀਆ) : ਪੰਜਾਬ ਵਿੱਚ ਬੇਲਗਾਮ ਹੋ ਚੁੱਕੀ ਰੇਤ ਮਾਫੀਆ ਨੂੰ ਰੋਕਣ ਵਿੱਚ ਪੰਜਾਬ ਸਰਕਾਰ ਦੀ ਭੂਮਿਕਾ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਕਿਸਾਨ ਯੂਨੀਅਨ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਰੇਤ ਮਾਫੀਆ ਅੱਗੇ ਪੂਰੀ ਤਰ੍ਹਾਂ ਨਾਕਾਮ ਹੋ ਚੁੱਕੀ ਹੈ। ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਪੰਜੇਟਾ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਸਰਕਾਰ ਦੇ ਦਾਅਵੇ ਸਿਰਫ਼ ਕਾਗਜ਼ਾਂ ਤੱਕ ਸੀਮਿਤ ਹਨ, ਜਦਕਿ ਜ਼ਮੀਨੀ ਪੱਧਰ ’ਤੇ ਰੇਤ ਮਾਫੀਆ ਬਿਨਾਂ ਕਿਸੇ ਡਰ ਦੇ ਦਰਿਆਵਾਂ, ਖਾਲਾਂ ਅਤੇ ਖੇਤੀਬਾੜੀ ਵਾਲੇ ਖੇਤਰਾਂ ਵਿੱਚ ਧੜੱਲੇ ਨਾਲ ਗੈਰਕਾਨੂੰਨੀ ਮਾਈਨਿੰਗ ਕਰ ਰਹੀ ਹੈ। ਗੁਰਜੰਟ ਸਿੰਘ ਪੰਜੇਟਾ ਨੇ ਕਿਹਾ ਕਿ ਰੇਤ ਮਾਫੀਆ ਦੀ ਲੁੱਟ ਕਾਰਨ ਕਿਸਾਨਾਂ ਦੀ ਕੀਮਤੀ ਜ਼ਮੀਨ ਖੋਖਲੀ ਹੋ ਰਹੀ ਹੈ, ਜ਼ਮੀਨੀ ਪਾਣੀ ਦਾ ਪੱਧਰ ਡਿੱਗ ਰਿਹਾ ਹੈ ਅਤੇ ਵਾਤਾਵਰਣ ਨੂੰ ਅਪੂਰਣੀਯ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਮਿਲੀਭਗਤ ਨਾਲ ਇਹ ਮਾਫੀਆ ਫਲ-ਫੂਲ ਰਹੀ ਹੈ, ਜਿਸ ਦਾ ਖ਼ਮਿਆਜ਼ਾ ਆਮ ਕਿਸਾਨ ਅਤੇ ਮਜ਼ਦੂਰ ਭੁਗਤ ਰਹੇ ਹਨ। ਇਸ ਮੌਕੇ ਵਾਈਸ ਪ੍ਰਧਾਨ ਜਗਪਾਲ ਸਿੰਘ ਲੰਬੜਦਾਰ ਨੇ ਕਿਹਾ ਕਿ ਜਦੋਂ ਵੀ ਕਿਸਾਨ ਜਾਂ ਪਿੰਡ ਵਾਸੀ ਗੈਰਕਾਨੂੰਨੀ ਮਾਈਨਿੰਗ ਵਿਰੁੱਧ ਆਵਾਜ਼ ਉਠਾਉਂਦੇ ਹਨ ਤਾਂ ਉਨ੍ਹਾਂ ਨੂੰ ਡਰਾਇਆ-ਧਮਕਾਇਆ ਜਾਂਦਾ ਹੈ, ਪਰ ਸਰਕਾਰ ਖਾਮੋਸ਼ ਦਰਸ਼ਕ ਬਣੀ ਬੈਠੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਾਕਈ ਰੇਤ ਮਾਫੀਆ ਖ਼ਿਲਾਫ਼ ਹੈ ਤਾਂ ਹੁਣ ਤੱਕ ਵੱਡੇ ਮਾਫੀਆ ਸਰਗਣਿਆਂ ’ਤੇ ਕਾਰਵਾਈ ਕਿਉਂ ਨਹੀਂ ਹੋਈ। ਸੀਨੀਅਰ ਆਗੂ ਇਕਬਾਲ ਸਿੰਘ ਕੋਟ ਗੰਗੂ ਰਾਏ ਅਤੇ ਬਲਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਰੇਤ ਮਾਫੀਆ ਨੇ ਕਾਨੂੰਨ, ਨਿਆਂ ਅਤੇ ਪ੍ਰਸ਼ਾਸਨ ਤਿੰਨਾਂ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਤੁਰੰਤ ਸਖ਼ਤ ਕਦਮ ਨਾ ਚੁੱਕੇ ਤਾਂ ਕਿਸਾਨ ਯੂਨੀਅਨ ਸੜਕਾਂ ’ਤੇ ਉਤਰ ਕੇ ਤਿੱਖਾ ਅੰਦੋਲਨ ਸ਼ੁਰੂ ਕਰੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਜਰਨਲ ਸਕੱਤਰ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਰੇਤ ਮਾਫੀਆ ਖ਼ਿਲਾਫ਼ ਸਿਰਫ਼ ਛੋਟੇ ਕਰਮਚਾਰੀਆਂ ਦੀ ਬਲੀ ਦੇ ਕੇ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਨਹੀਂ ਪਾਈ ਜਾ ਸਕਦੀ। ਉਨ੍ਹਾਂ ਮੰਗ ਕੀਤੀ ਕਿ ਮਾਈਨਿੰਗ ਨੀਤੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇ। ਉਪ ਪ੍ਰਧਾਨ ਵਿਕਰਮ ਸਿੰਘ ਚੀਮਾ, ਅਕਿੰਤ ਕੁਮਾਰ ਅਤੇ ਜੈਅ ਕੁਮਾਰ ਨੇ ਵੀ ਕਿਹਾ ਕਿ ਜੇਕਰ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਨਾ ਕੀਤੀ ਗਈ ਤਾਂ ਯੂਨੀਅਨ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟੇਗੀ। ਆਗੂਆਂ ਨੇ ਅੰਤ ਵਿੱਚ ਸਪਸ਼ਟ ਕੀਤਾ ਕਿ ਪੰਜਾਬ ਦੀ ਮਿੱਟੀ, ਪਾਣੀ ਅਤੇ ਕੁਦਰਤੀ ਸਰੋਤਾਂ ਦੀ ਰੱਖਿਆ ਲਈ ਕਿਸਾਨ ਯੂਨੀਅਨ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ ਅਤੇ ਸਰਕਾਰ ਦੀਆਂ ਨਾਕਾਮੀਆਂ ਨੂੰ ਲੋਕਾਂ ਸਾਹਮਣੇ ਬੇਨਕਾਬ ਕੀਤਾ ਜਾਵੇਗਾ।
