ਮੁੱਖ ਮੰਤਰੀ ਦੀ ਸੁਰੱਖਿਆ ਵਿਚ ਤਾਇਨਾਤ ਏ.ਐਸ.ਆਈ ਦੀ ਗੋਲੀ ਲੱਗਣ ਨਾਲ ਮੌਤ


ਪਟਿਆਲਾ, 3 ਜੂਨ (ਨਿਊਜ਼ ਟਾਊਨ ਨੈਟਵਰਕ) : ਕਮਾਂਡੋ ਟਰੇਨਿੰਗ ਕੰਪਲੈਕਸ ਬਹਾਦਰਗੜ੍ਹ ਵਿਖੇ ਗੋਲੀ ਲੱਗਣ ਕਾਰਨ ਇਕ ਏਐਸਆਈ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 41 ਸਾਲਾ ਮਨਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਦੋ ਧੀਆਂ ਦਾ ਪਿਤਾ ਸੀ। ਮਨਪ੍ਰੀਤ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਵਿਚ ਵਿਸ਼ੇਸ਼ ਆਪਰੇਸ਼ਨ ਗਰੁਪ (ਐਸਓਜੀ) ਵਿਚ ਡੈਪੂਟੇਸ਼ਨ ‘ਤੇ ਤਾਇਨਾਤ ਸੀ।
ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਸਿੰਘ ਨੇ ਛੁੱਟੀ ਲੈ ਕੇ ਘਰ ਜਾਣ ਦੀ ਗੱਲ ਕੀਤੀ ਸੀ। ਜਦ ਉਹ ਅਪਣੇ ਕੁਆਟਰ ਪਹੁੰਚਿਆ ਤਾਂ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ ਜਾਂ ਗੋਲੀ ਕਿਸੇ ਹੋਰ ਕਾਰਨ ਕਰ ਕੇ ਚੱਲੀ ਹੈ। ਇਹ ਗੱਲ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।