ਪੰਜਾਬ ਕੈਬਨਿਟ ‘ਚ ਕਦੋਂ ਹੋਵੇਗਾ ਫੇਰਬਦਲ ! ਜਾਣੋ ਨਵਾਂ ਅਪਡੇਟ


ਚੰਡੀਗੜ੍ਹ, 30 ਜੂਨ ( ਨਿਊਜ਼ ਟਾਊਨ ਨੈੱਟਵਰਕ ) ਹਲਕਾ ਵੈਸਟ ਦੀ ਉਪ ਚੋਣ ਵਿਚ ਜਿੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਨਤੀਜਿਆਂ ਦੇ 5 ਦਿਨ ਬਾਅਦ ਸ਼ਨੀਵਾਰ ਨੂੰ ਵਿਧਾਇਕ ਵਜੋਂ ਸਹੁੰ ਚੁੱਕੀ ਹੈ, ਪਰ ਮੰਤਰੀ ਬਣਨ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਭਾਂਵੇ ਕਿ ਸੰਜੀਵ ਅਰੋੜਾ ਨੂੰ ਮੰਤਰੀ ਬਣਾਉਣ ਦਾ ਐਲਾਨ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਚੋਣ ਪ੍ਰਚਾਰ ਦੌਰਾਨ ਹੀ ਕਰ ਦਿੱਤਾ ਸੀ ਅਤੇ ਫਿਰ ਗਵਰਨਰ ਨੂੰ ਮਿਲਣ ਤੋਂ ਬਾਅਦ ਸੀ.ਐੱਮ. ਭਗਵੰਤ ਮਾਨ ਵੱਲੋਂ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਕਿ ਹਲਕਾ ਵੈਸਟ ਦੇ ਲੋਕਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਕਰਨ ਲਈ ਜਲਦ ਸੰਜੀਵ ਅਰੋੜਾ ਨੂੰ ਮੰਤਰੀ ਬਣਾਇਆ ਜਾਵੇਗਾ ਪਰ ਇਸ ਦੇ ਲਈ ਇੰਤਜਾਰ ਲੰਮਾ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਸੰਜੀਵ ਅਰੋੜਾ ਨੇ ਵਿਧਾਇਕ ਵਜੋਂ ‘ਸਹੁੰ ਚੁੱਕਣ’ ਦਾ ਪੜਾਅ ਵੀ ਸ਼ਨੀਵਾਰ ਨੂੰ ਪਾਰ ਕਰ ਗਿਆ ਹੈ। ਜਿਥੋਂ ਤੱਕ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦਾ ਸਵਾਲ ਹੈ, ਉਸ ਦਾ ਸ਼ਡਿਊਲ 2 ਜੁਲਾਈ ਦੇ ਬਾਅਦ ਹੀ ਜਾਰੀ ਹੋਵੇਗਾ ਕਿਉਂਕਿ ਉਸ ਸਮੇਂ ਤੱਕ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਰਾਜਸਥਾਨ ਵਿਚ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਜਿਥੋਂ ਤੱਕ ਸੀ. ਐੱਮ. ਮਾਨ ਦੇ ਐਲਾਨ ਤੋਂ ਲੈ ਕੇ ਹੁਣ ਤੱਕ ਸੰਜੀਵ ਅਰੋੜਾ ਨੂੰ ਮੰਤਰੀ ਅਹੁਦੇ ਦੀ ਸਹੁੰ ਨਾ ਦਿਵਾਉਣ ਦਾ ਸਵਾਲ ਹੈ, ਉਸ ਦੇ ਪਿਛੇ ਦੀ ਵਜ੍ਹਾ ਇਹ ਮੰਨੀ ਜਾ ਰਹੀ ਹੈ ਕਿ ਸੰਜੀਵ ਅਰੋੜਾ ਨਾਲ ਕੁਝ ਹੋਰ ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਅਤੇ ਕਈ ਮੰਤਰੀਆਂ ਦੀ ਛੁੱਟੀ ਹੋਣ ਜਾਂ ਵਿਭਾਗ ਬਦਲਣ ਦੀਆਂ ਅਟਕਲਾਂ ਲਗਾਈਆਂ ਗਈਆਂ ਹਨ। ਇਸ ਮੁੱਦੇ ’ਤੇ ਪਿਛਲੇ ਦਿਨੀਂ ਕੇਜਰੀਵਾਲ ਅਤੇ ਸੀ. ਐੱਮ. ਮਾਨ ਦੇ ਨਾਲ ‘ਆਪ’ ਦੀ ਸੀਨੀਅਰ ਲੀਡਰਸ਼ਿਪ ਵਿਚਕਾਰ ਦਿੱਲੀ ਵਿਚ ਮੰਥਨ ਹੋ ਚੁੱਕਾ ਹੈ ਪਰ ਨਾਵਾਂ ਨੂੰ ਲੈ ਕੇ ਫ਼ੈਸਲਾ ਹੋਣ ਤੱਕ ਸੰਜੀਵ ਅਰੋੜਾ ਨੂੰ ਵੀ ਇੰਤਜ਼ਾਰ ਕਰਨਾ ਪਵੇਗਾ।