ਪੰਜਾਬ ਮੰਤਰੀ ਮੰਡਲ ਦਾ ਹੋਵੇਗਾ ਵਿਸਥਾਰ, ਸੰਜੀਵ ਅਰੋੜਾ ਬਣਨਗੇ ਕੈਬਨਿਟ ਮੰਤਰੀ


ਚੰਡੀਗੜ੍ਹ, 2 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਲੁਧਿਆਣਾ ਪੱਛਮੀ ਤੋਂ ਬਣੇ ਨਵੇਂ ਵਿਧਾਇਕ ਸੰਜੀਵ ਅਰੋੜਾ ਨੂੰ ਪੰਜਾਬ ਕੈਬਨਿਟ ‘ਚ ਥਾਂ ਮਿਲਣ ਜਾ ਰਹੀ ਹੈ। ਜਾਣਕਾਰੀ ਮੁਤਾਬਕ ਭਲਕੇ ਪੰਜਾਬ ਕੈਬਨਿਟ ਦਾ ਵਿਸਥਾਰ ਹੋਵੇਗਾ। ਜਿਸ ਦੇ ਨਾਲ ਹੀ ਸੰਜੀਵ ਅਰੋੜਾ ਦੀ ਕੈਬਨਿਟ ‘ਚ ਐਂਟਰੀ ਹੋਵੇਗੀ। ਕਿਹਾ ਜਾ ਰਿਹਾ ਹੈ ਕਿ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਸੰਜੀਵ ਅਰੋੜਾ ਨੂੰ ਭਲਕੇ ਬਾਅਦ ਦੁਪਹਿਰ 1 ਵਜੇ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ ਜਾਵੇਗੀ।
ਜਾਣਕਾਰੀ ਅਨੁਸਾਰ ਇਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਸਬੰਧੀ ਰਾਜਪਾਲ ਹਾਊਸ ਤੋਂ ਇਜਾਜ਼ਤ ਮੰਗੀ ਗਈ ਹੈ। ਹਾਲਾਂਕਿ ਮੁੱਖ ਮੰਤਰੀ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਆਉਣ ਵਾਲੇ ਦੋ-ਤਿੰਨ ਦਿਨਾਂ ਵਿਚ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਜਾਵੇਗਾ। ਕਈ ਮੰਤਰੀਆਂ ਦੇ ਵਿਭਾਗ ਬਦਲੇ ਜਾ ਸਕਦੇ ਹਨ। ਹਾਲਾਂਕਿ ਕਿਹੜੇ ਮੰਤਰੀਆਂ ਨੂੰ ਕਿਹੜੇ ਵਿਭਾਗ ਦੀ ਜਿੰਮੇਵਾਰੀ ਸੌਪੀ ਜਾਵੇਗੀ ਅਤੇ ਕਿਹੜੇ ਮੰਤਰੀਆਂ ਦੀ ਛੁੱਟੀ ਹੋਵੇਗੀ, ਇਸ ਬਾਰੇ ਅਜੇ ਕੋਈ ਅਧਿਕਾਰਿਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਹੁਣ ਸੰਜੀਵ ਅਰੋੜਾ ਦੀ ਮੰਤਰੀ ਵਾਲੀ ਕੁਰਸੀ ਪੱਕੀ ਜਾਪਦੀ ਹੈਕਿਉਂਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਚੋਣ ਪ੍ਰਚਾਰ ਦੌਰਾਨ ਸੰਜੀਵ ਅਰੋੜਾ ਨੂੰ ਮੰਤਰੀ ਬਣਾਏ ਜਾਣ ਦਾ ਵਾਅਦਾ ਕੀਤਾ ਗਿਆ ਸੀ।
ਲੁਧਿਆਣਾ ਜ਼ਿਮਨੀ ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਐਲਾਨ ਕੀਤਾ ਗਿਆ ਸੀ ਕਿ ਸੰਜੀਵ ਅਰੋੜਾ ਦੀ ਜਿੱਤ ਮਗਰੋਂ ਉਨ੍ਹਾਂ ਨੂੰ ਕੈਬਨਿਟ ‘ਚ ਥਾਂ ਦਿਤੀ ਜਾਵੇਗੀ। ਹਲਕਾ ਵੈਸਟ ਦੇ ਲੋਕਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਕਰਨ ਲਈ ਕੱਲ੍ਹ ਸੰਜੀਵ ਅਰੋੜਾ ਨੂੰ ਮੰਤਰੀ ਬਣਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਉਪ-ਚੋਣ ਵਿਚ ਆਪਣੀ ਹਾਲੀਆ ਜਿੱਤ ਤੋਂ ਬਾਅਦ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਬੀਤੇ ਕੱਲ੍ਹ ਅਧਿਕਾਰਤ ਤੌਰ ‘ਤੇ ਰਾਜ ਸਭਾ ਤੋਂ ਅਸਤੀਫਾ ਦੇ ਦਿਤਾ ਹੈ। ਅਰੋੜਾ ਨੇ ਨਵੀਂ ਦਿੱਲੀ ਵਿਚ ਉਪ ਰਾਸ਼ਟਰਪਤੀ ਦੇ ਨਿਵਾਸ ਸਥਾਨ ‘ਤੇ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਅਸਤੀਫਾ ਪੱਤਰ ਸੌਂਪਿਆ। ਅਰੋੜਾ ਨੇ 19 ਜੂਨ ਨੂੰ ਲੁਧਿਆਣਾ ਪੱਛਮੀ ਉਪ-ਚੋਣ 10,637 ਵੋਟਾਂ ਦੇ ਫਰਕ ਨਾਲ ਜਿੱਤੀ ਸੀ, ਜੋ ਕਿ ਮੌਜੂਦਾ ਵਿਧਾਇਕ ਦੇ ਬੇਵਕਤੀ ਦੇਹਾਂਤ ਤੋਂ ਬਾਅਦ ਹੋਈ ਸੀ।
ਦੱਸਣਯੋਗ ਹੈ ਕਿ ਪੰਜਾਬ ਮੰਤਰੀ ਮੰਡਲ ਵਿਚ ਇਸ ਵੇਲੇ ਦੋ ਵਜ਼ੀਰਾਂ ਦੀ ਥਾਂ ਖ਼ਾਲੀ ਹੈ। ਨਿਯਮਾਂ ਅਨੁਸਾਰ ਪੰਜਾਬ ਕੈਬਨਿਟ ਵਿਚ ਮੁੱਖ ਮੰਤਰੀ ਸਮੇਤ 18 ਮੰਤਰੀ ਹੋ ਸਕਦੇ ਹਨ। ਆਮ ਆਦਮੀ ਪਾਰਟੀ ਸਰਕਾਰ ਦੇ 3 ਸਾਲਾਂ ਦੇ ਕਾਰਜਕਾਲ ਵਿਚ ਇਹ 7ਵਾਂ ਮੰਤਰੀ ਮੰਡਲ ਵਿਸਥਾਰ ਹੋਵੇਗਾ।