ਅਨੁਸੂਚਿਤ ਜਾਤੀ ਪਰਵਾਰਾਂ ਦੇ 67.84 ਕਰੋੜ ਦੇ ਕਰਜ਼ੇ, ਮੁਆਫ਼4800 ਪਰਵਾਰਾਂ ਨੂੰ ਮਿਲਿਆ ਲਾਭ

0
WhatsApp Image 2025-06-03 at 6.06.11 PM

ਚੰਡੀਗੜ੍ਹ, 3 ਜੂਨ (ਨਿਊਜ਼ ਟਾਊਨ ਨੈਟਵਰਕ) : ਸੂਬੇ ਵਿਚ ਅਨੁਸੂਚਿਤ ਜਾਤੀ (ਐਸ.ਸੀ.) ਭਾਈਚਾਰੇ ਨੂੰ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਅੱਜ 67.84 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਨੂੰ ਮਨਜ਼ੂਰੀ ਦਿੱਤੀ ਜਿਸ ਨਾਲ ਤਕਰੀਬਨ 4,800 ਪਰਿਵਾਰਾਂ ਨੂੰ ਲਾਭ ਪਹੁੰਚਿਆ।
ਇਸ ਬਾਰੇ ਫੈਸਲਾ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਨਿਗਮ (ਪੀ.ਐਸ.ਸੀ.ਐਫ.ਸੀ.) ਦੇ ਕਰਜ਼ਦਾਰਾਂ ਲਈ 31 ਮਾਰਚ, 2020 ਤੱਕ ਵੰਡੇ ਗਏ ਕਰਜ਼ੇ ਮੁਆਫ਼ ਕਰਨ ਲਈ ਕਾਰਜ-ਬਾਅਦ ਪ੍ਰਵਾਨਗੀ ਦੇ ਦਿੱਤੀ ਹੈ। ਇਹ ਮੁਆਫ਼ੀ ਪੀ.ਐਸ.ਸੀ.ਐਫ.ਸੀ. ਦੁਆਰਾ ਉਪਰੋਕਤ ਮਿਤੀ ਤੱਕ ਵੰਡੇ ਗਏ ਸਾਰੇ ਕਰਜ਼ਿਆਂ ਲਈ ਹੈ ਜਿਸ ਨਾਲ ਐਸ.ਸੀ. ਭਾਈਚਾਰਾ ਅਤੇ ਦਿਵਿਆਂਗ ਵਰਗ ਦੇ ਕਰਜ਼ਦਾਰਾਂ ਨੂੰ ਅਤਿ ਲੋੜੀਂਦੀ ਰਾਹਤ ਮਿਲੀ ਹੈ। ਇਸ ਕਦਮ ਨਾਲ ਕੁੱਲ 4,727 ਕਰਜ਼ਦਾਰਾਂ ਨੂੰ 67.84 ਕਰੋੜ ਰੁਪਏ ਦੀ ਕੁੱਲ ਰਕਮ ਦਾ ਲਾਭ ਹੋਵੇਗਾ। ਸਾਰੇ 4,727 ਕਰਜ਼ਦਾਰ ਜਿਨ੍ਹਾਂ ਵਿੱਚ 4,685 ਡਿਫਾਲਟ ਕਰਜ਼ਦਾਰ ਅਤੇ 42 ਰੈਗੂਲਰ ਕਰਜ਼ਦਾਰ ਹਨ, ਇਸ ਕਰਜ਼ਾ ਮੁਆਫ਼ੀ ਯੋਜਨਾ ਹੇਠ ਆਉਣਗੇ। ਇਸ ਲਈ ‘ਕੋਈ ਇਤਰਾਜ਼ ਨਹੀਂ’ ਸਰਟੀਫਿਕੇਟ (ਨੋ ਡਿਊ ਸਰਟੀਫਿਕੇਟ) ਪੀ.ਐਸ.ਸੀ.ਐਫ.ਸੀ. ਦੇ ਜ਼ਿਲ੍ਹਾ ਮੈਨੇਜਰਾਂ ਦੁਆਰਾ ਜਾਰੀ ਕੀਤੇ ਜਾਣਗੇ। ਬੁਲਾਰੇ ਨੇ ਅੱਗੇ ਦੱਸਿਆ ਕਿ 30 ਅਪ੍ਰੈਲ, 2025 ਤੱਕ ਗਿਣਿਆ ਗਿਆ ਮੂਲ, ਵਿਆਜ ਅਤੇ ਦੰਡ ਵਿਆਜ ਸਮੇਤ ਬਣਦੀ 67.84 ਕਰੋੜ ਦੀ ਪੂਰੀ ਰਕਮ ਸੂਬਾ ਸਰਕਾਰ ਵੱਲੋਂ ਪੀ.ਐਸ.ਸੀ.ਐਫ.ਸੀ. ਨੂੰ ਵਾਪਸ ਕੀਤੀ ਜਾਵੇਗੀ। ਅੰਤਿਮ ਵਿਆਜ ਦੀ ਰਕਮ ਦਾ ਹਿਸਾਬ ਉਸ ਮਿਤੀ ਤੋਂ ਹੋਵੇਗਾ, ਜਿਸ ਦਿਨ ਸਰਕਾਰ ਯੋਜਨਾ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਦੀ ਹੈ। ਇਸ ਦੇ ਫਲਸਰੂਪ ਕੁੱਲ ਮੁਆਫ਼ੀ ਦੀ ਰਕਮ ਵਧ ਸਕਦੀ ਹੈ ਅਤੇ ਅਜਿਹਾ ਹੋਣ ਦੀ ਸੂਰਤ ਵਿੱਚ ਕਿਸੇ ਵੀ ਵਾਧੇ ਦੀ ਅਦਾਇਗੀ ਸਰਕਾਰ ਦੁਆਰਾ ਕੀਤੀ ਜਾਵੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਮਹੱਤਵਪੂਰਨ ਗੱਲ ਇਹ ਹੈ ਕਿ ਜਿਨ੍ਹਾਂ ਕਰਜ਼ਦਾਰਾਂ ਨੇ ਪਹਿਲਾਂ ਵੀ ਕਰਜ਼ਾ ਮੁਆਫੀ ਸਕੀਮਾਂ ਲਾਭ ਪ੍ਰਾਪਤ ਕੀਤਾ ਹੈ, ਉਹ ਵੀ ਇਸ ਮੁਆਫੀ ਸਕੀਮ ਦਾ ਲਾਭ ਲੈਣ ਲਈ ਯੋਗ ਮੰਨੇ ਜਾਣਗੇ। ਕਰਜ਼ਾ ਮੁਆਫੀ ਤੋਂ ਬਾਅਦ ਪੀ.ਐਸ.ਸੀ.ਐਫ.ਸੀ. ਦੇ ਨਿਯਮਾਂ ਤਹਿਤ ਕਰਜ਼ਾ ਲੈਣ ਵਾਲਿਆਂ ਵਿਰੁੱਧ ਰਿਕਵਰੀ ਲਈ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਜਾਵੇਗੀ। ਪੰਜਾਬ ਸਰਕਾਰ ਦਾ ਇਹ ਫੈਸਲਾ ਹਜ਼ਾਰਾਂ ਪਰਿਵਾਰਾਂ ਪ੍ਰਤੀ ਰਾਹਤ ਅਤੇ ਸਤਿਕਾਰ ਦੀ ਪਹਿਲ ਨੂੰ ਦਰਸਾਉਂਦਾ ਹੈ ਜੋ ਸਾਲਾਂ ਤੋਂ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹਨ। ਕੁੱਲ 4,727 ਪਰਿਵਾਰਾਂ ਨੂੰ ਇਸ ਯੋਜਨਾ ਦਾ ਸਿੱਧਾ ਲਾਭ ਹੋਵੇਗਾ। ਇਨ੍ਹਾਂ ਪਰਿਵਾਰਾਂ ਨੂੰ ਇਹ ਕਰਜ਼ਾ ਡੇਅਰੀ ਫਾਰਮਿੰਗ, ਕਰਿਆਨੇ ਦੀ ਦੁਕਾਨ, ਟੇਲਰਿੰਗ, ਬੁਟੀਕ, ਫਰਨੀਚਰ ਦਾ ਕੰਮ, ਬਿਲਡਿੰਗ ਮਟੀਰੀਅਲ ਜਾਂ ਹਾਰਡਵੇਅਰ ਦੀਆਂ ਦੁਕਾਨਾਂ, ਚਮੜੇ ਦੇ ਸਾਮਾਨ ਦਾ ਉਤਪਾਦਨ, ਸਿੱਖਿਆ ਲਈ ਕਰਜ਼ੇ ਜਾਂ ਰੈਸਟੋਰੈਂਟ ਵਰਗੇ ਛੋਟੇ ਕਾਰੋਬਾਰ ਖੋਲ੍ਹ ਕੇ ਆਪਣੀ ਰੋਜ਼ੀ-ਰੋਟੀ ਸ਼ੁਰੂ ਕਰਨ ਵਿੱਚ ਮਦਦ ਕਰਨ ਲਈ ਦਿੱਤੇ ਗਏ ਸਨ।

Leave a Reply

Your email address will not be published. Required fields are marked *