ਪੁਕਾਰ ਐਨਜੀਓ ਨੇ ਮੰਡੀ ਦੇ ਹੜ੍ਹ ਪੀੜਤਾਂ ਲਈ ਭੇਜੀ ਰਾਹਤ ਸਮੱਗਰੀ


ਮਿਸ਼ਾਨ ਫਾਊਂਡੇਸ਼ਨ, ਇਦਰੀਸ਼ ਫਾਊਂਡੇਸ਼ਨ ਅਤੇ ਗ੍ਰੀਨ ਪਲੈਨੇਟ ਸੋਸਾਇਟੀ ਦਾ ਸਹਿਯੋਗ
ਜ਼ੀਰਕਪੁਰ, 4 ਅਗੱਸਤ (ਅਵਤਾਰ ਧੀਮਾਨ) : ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਵਿਚ ਹਾਲ ਹੀ ਵਿਚ ਆਈ ਤਬਾਹੀਕੁਨ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੁਕਾਰ – ਦ ਵੋਇਸ ਆਫ ਹਿਊਮੈਨਿਟੀ ਨੇ ਮਨੁੱਖਤਾ ਭਰੀ ਪਹਿਲ ਕਰਦਿਆਂ ਵੱਡੀ ਮਾਤਰਾ ਵਿਚ ਰਾਹਤ ਸਮੱਗਰੀ ਭੇਜੀ। ਇਸ ਕਾਰਜ ਵਿਚ ਮਿਸ਼ਾਨ ਫਾਊਂਡੇਸ਼ਨ, ਇਦਰੀਸ਼ ਫਾਊਂਡੇਸ਼ਨ ਅਤੇ ਗ੍ਰੀਨ ਪਲੈਨੇਟ ਸੋਸਾਇਟੀ ਨੇ ਸਹਿਯੋਗ ਦਿਤਾ। ਰਾਹਤ ਸਮੱਗਰੀ ਨੂੰ ਮੰਡੀ ਦੇ ਉਪਾਯੁਕਤ ਦਫ਼ਤਰ ਰਾਹੀਂ ਪ੍ਰਭਾਵਿਤ ਇਲਾਕਿਆਂ ਤਕ ਪਹੁੰਚਾਇਆ ਗਿਆ ਤਾਂ ਜੋ ਲੋੜਵੰਦਾਂ ਨੂੰ ਇਹ ਸਮੱਗਰੀ ਸੁਚੱਜੇ ਅਤੇ ਸਮਾਨ ਤੌਰ ’ਤੇ ਵੰਡ ਸਕੀ। ਇਸ ਵਿਚ ਦਵਾਈਆਂ, ਸੁੱਕਾ ਰਾਸ਼ਨ, ਕੰਬਲ, ਰਜਾਈ, ਜੁੱਤੇ, ਕੱਪੜੇ, ਸਟੇਸ਼ਨਰੀ ਕਿਟ, ਸਫ਼ਾਈ ਕਿਟ, ਗਰਿਮਾ ਕਿੱਟ ਅਤੇ ਹੋਰ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਸ਼ਾਮਲ ਸਨ। ਸੰਸਥਾਵਾਂ ਨੇ ਕਿਹਾ ਕਿ ਇਹ ਸਾਂਝਾ ਯਤਨ ਆਫ਼ਤ ਪ੍ਰਭਾਵਿਤ ਸਮਾਜ ਨਾਲ ਖੜ੍ਹੇ ਹੋਣ ਦੇ ਉਨ੍ਹਾਂ ਦੇ ਜਜ਼ਬੇ ਦਾ ਪ੍ਰਤੀਕ ਹੈ। ਉਨ੍ਹਾਂ ਨੇ ਇਸ ਨੇਕ ਕੰਮ ਵਿਚ ਯੋਗਦਾਨ ਪਾਉਣ ਵਾਲੇ ਸਾਰੇ ਵਿਅਕਤੀਆਂ, ਸਹਿਯੋਗੀਆਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਦਇਆ ਤੇ ਸਹਿਯੋਗ ਰਾਹੀਂ ਹੀ ਲੋੜਵੰਦਾਂ ਲਈ ਉਮੀਦ ਦਾ ਸੰਦੇਸ਼ ਪਹੁੰਚਾਇਆ ਜਾ ਸਕਦਾ ਹੈ। ਇਸ ਮਨੁੱਖੀ ਮਿਸ਼ਨ ਦੌਰਾਨ ਪੁਕਾਰ ਦੀ ਸੰਸਥਾਪਕ ਸ਼ਿਵਾਨੀ, ਮਿਸ਼ਾਨ ਫਾਊਂਡੇਸ਼ਨ ਦੀ ਸੰਸਥਾਪਕ ਡਾ. ਪ੍ਰਭਜੋਤ ਕੌਰ, ਕੁਮੁਦ ਗੁਪਤਾ, ਪੁਨੀਤ ਕੁਮਾਰ, ਭਰਤ ਵਰਮਾ, ਅਰਪਣ ਮੈਤੀ, ਮੋਹਿਤ ਸ਼ਰਮਾ, ਅਕਸ਼ਤ ਸ਼ਰਮਾ, ਦਖ਼ ਗੁਲਾਟੀ ਅਤੇ ਏਰਿਕਾ ਬੱਜੂ ਹਾਜ਼ਰ ਸਨ।
