ਪੰਜਾਬੀ ਯੂਨੀਵਰਸਿਟੀ ਵਿਚ ਕੱਚੇ ਪ੍ਰੋਫ਼ੈਸਰਾਂ ਨੇ ਸ਼ੁਰੂ ਕੀਤਾ ਮਰਨ ਵਰਤ

ਡਿਗਰੀਆਂ ਦੀਆਂ ਕਾਪੀਆਂ ਸਾੜੀਆਂ

(ਗੁਰਪ੍ਰਤਾਪ ਸਾਹੀ)
ਪਟਿਆਲਾ, 25 ਜੂਨ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਵਿਚ ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ (ਪੁਕਟਾ) ਦੀ ਪ੍ਰਧਾਨ ਡਾ. ਤਰਨਜੀਤ ਕੌਰ ਦੀ ਅਗਵਾਈ ਹੇਠ ਚੱਲ ਰਿਹਾ ਸੰਘਰਸ਼ ਅੱਜ ਵੀ ਜਾਰੀ ਰਿਹਾ। ਅੱਜ ਦੋ ਮਹਿਲਾ ਕੱਚੇ ਪ੍ਰੋਫ਼ੈਸਰਾਂ ਡਾ. ਤਰਨਜੀਤ ਕੌਰ ਪੁਕਟਾ ਪ੍ਰਧਾਨ ਅਤੇ ਡਾ. ਰਾਜਮਹਿੰਦਰ ਕੌਰ ਨੇ ਮਰਨ ਵਰਤ ਸ਼ੁਰੂ ਕੀਤਾ। ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਸਬੰਧਤ ਅਧਿਆਪਕ ਆਪਣੇ-ਆਪ ਉਤੇ ਯੂ.ਜੀ.ਸੀ. ਦੁਆਰਾ 2018 ਵਿਚ ਪ੍ਰਵਾਨਤ ਰੈਗੂਲੇਸ਼ਨ ਅਨੁਸਾਰ ਸੱਤਵਾਂ ਪੇ ਕਮਿਸ਼ਨ ਲਾਗੂ ਕਰਵਾਉਣ ਦੀ ਮੰਗ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵਲੋਂ ਸਬੰਧਤ ਰੈਗੂਲੇਸ਼ਨ ਨੂੰ 2022 ਵਿਚ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸਵੀਕਾਰ ਕਰਦੇ ਹੋਏ ਆਪਣੇ ਸਾਰੇ ਅਧਿਆਪਨ ਅਤੇ ਗ਼ੈਰ-ਅਧਿਆਪਨ ਮਲਾਜ਼ਮਾਂ ਤੇ ਲਾਗੂ ਕਰ ਦਿਤਾ ਗਿਆ ਸੀ ਪਰ ਕੰਟਰੈਕਟ ਅਧਿਆਪਕਾਂ ਨੂੰ ਇਸ ਰੈਗੂਲੇਸ਼ਨ ਅਧੀਨ ਨਹੀਂ ਲਿਆਂਦਾ ਗਿਆ। ਹੁਣ ਪਿਛਲੇ 2 ਮਹੀਨੇ ਤੋਂ ਕੰਟਰੈਕਟ ਅਸਿਸਟੈਂਟ ਪ੍ਰੋਫ਼ੈਸਰ ਆਪਣੇ ਜਾਇਜ਼ ਹੱਕ ਲੈਣ ਲਈ ਧਰਨਾ ਦੇ ਰਹੇ ਹਨ। ਹਾਲਾਂਕਿ ਪੰਜਾਬੀ ਯੂਨੀਵਰਸਿਟੀ ਦੇ ਨਵਨਿਯੁਕਤ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵਲੋਂ ਕੰਟਰੈਕਟ ਅਧਿਆਪਕਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਨੂੰ ਜਲਦ ਹੀ ਪੇ-ਕਮਿਸ਼ਨ ਦੇ ਦਿਤਾ ਜਾਵੇਗਾ ਪਰ ਪਿਛਲੇ ਹਫ਼ਤੇ ਉਹ ਆਪਣੇ ਕਰਾਰ ਤੋਂ ਮੁਨਕਰ ਹੋ ਗਏ। ਅੱਜ ਉਸ ਸਮੇਂ ਯੂਨੀਵਰਸਿਟੀ ਵਿਖੇ ਹਾਲਾਤ ਹੋਰ ਵੀ ਤਣਾਅਪੂਰਨ ਬਣ ਗਏ ਜਦ ਪੰਜਾਬੀ ਯੂਨੀਵਰਸਿਟੀ ਅਥਾਰਟੀ ਵਲੋਂ ਕੰਟਰੈਕਟ ਅਧਿਆਪਕਾਂ ਵਿਰੁਧ ਸਿਵਿਲ ਕੋਰਟ ਰਾਹੀਂ ਕਾਨੂੰਨੀ ਨੋਟਿਸ ਜਾਰੀ ਕਰਦੇ ਹੋਏ ਪੁਲਿਸ ਫ਼ੋਰਸ ਨੂੰ ਬੁਲਾ ਕੇ ਧਰਨਾ ਚੁੱਕਣ ਦੀ ਕੋਸ਼ਿਸ ਕੀਤੀ ਗਈ। ਇਸ ਦੇ ਬਾਵਜੂਦ ਕੰਟਰੈਕਟ ਅਧਿਆਪਕਾਂ ਵਲੋਂ ਆਪਣਾ ਸ਼ਾਂਤੀਪੂਰਨ ਧਰਨਾ ਜਾਰੀ ਰੱਖਿਆ ਗਿਆ। ਯੂਨੀਵਰਸਿਟੀ ਪ੍ਰਸ਼ਾਸਨ ਦੀ ਕਾਇਰਤਾਪੂਰਨ ਕਰਵਾਈ ਦੀ ਨਿਖੇਧੀ ਕਰਦੇ ਹੋਏ ਕੰਟਰੈਕਟ ਅਧਿਆਪਕਾਂ ਵਲੋਂ ਡਿਗਰੀ ਫੂਕ ਮੁਜ਼ਾਹਰਾ ਕੀਤਾ ਗਿਆ।
