ਧਰਮਸ਼ਾਲਾ ਰੈਗਿੰਗ ਮਾਮਲੇ ’ਚ ਮੁਲਜ਼ਮ ਪ੍ਰੋਫੈਸਰ ਕੀਤਾ ਸਸਪੈਂਡ


ਯੂਜੀਸੀ ਨੇ ਮਾਮਲੇ ਦੀ ਨਿਰਪੱਖ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਕਮੇਟੀ
ਨਵੀਂ ਦਿੱਲੀ, 4 ਜਨਵਰੀ (ਨਿਊਜ਼ ਟਾਊਨ ਨੈਟਵਰਕ) : ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੇ ਇੱਕ ਸਰਕਾਰੀ ਕਾਲਜ ਵਿੱਚ ਇੱਕ ਵਿਦਿਆਰਥੀ ਦੀ ਸ਼ੱਕੀ ਮੌਤ ਨੇ ਸਿੱਖਿਆ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ ਜਦਕਿ ਸਿੱਖਿਆ ਪ੍ਰਣਾਲੀ ਲਈ ਵੀ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਰੈਗਿੰਗ ਅਤੇ ਪਰੇਸ਼ਾਨੀ ਦੇ ਦੋਸ਼ਾਂ ਤੋਂ ਬਾਅਦ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਸਖ਼ਤ ਰੁਖ਼ ਅਪਣਾਇਆ ਹੈ। ਯੂਜੀਸੀ ਨੇ ਘਟਨਾ ਦੀ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਲਈ ਇੱਕ ਵਿਸ਼ੇਸ਼ ਕਮੇਟੀ ਬਣਾਈ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕਿਸੇ ਵੀ ਪੱਧਰ ‘ਤੇ ਦੋਸ਼ ਸਾਬਤ ਹੁੰਦਾ ਹੈ, ਤਾਂ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਮਾਮਲਾ ਦੇਸ਼ ਭਰ ਦੇ ਕਾਲਜ ਕੈਂਪਸਾਂ ਵਿੱਚ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਉਠਾਉਂਦਾ ਹੈ।ਦੂਜੇ ਪਾਸੇ ਧਰਮਸ਼ਾਲਾ ਰੈਗਿੰਗ ਮਾਮਲੇ ’ਚ ਮੁਲਜ਼ਮ ਪ੍ਰੋਫੈਸਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸਰਕਾਰੀ ਕਾਲਜ ਵੱਲੋਂ ਸਹਾਇਕ ਪ੍ਰੋਫੈਸਰ ਅਸ਼ੋਕ ਕੁਮਾਰ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਪੁਲਿਸ ਨੇ ਤਿੰਨ ਵਿਦਿਆਰਥੀਆਂ ਸਣੇ ਪ੍ਰੋਫੈਸਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਜ਼ਿਲ੍ਹਾ ਅਦਾਲਤ ਤੋਂ 12 ਜਨਵਰੀ ਤੱਕ ਪ੍ਰੋਫੈਸਰ ਅਸ਼ੋਕ ਕੁਮਾਰ ਨੂੰ ਅੰਤਰਿਮ ਜ਼ਮਾਨਤ ਮਿਲੀ ਹੋਈ ਹੈ।
