ਭਾਜਪਾ ਆਗੂ ਨਾਲ ਮੁਲਾਕਾਤ ਬਾਰੇ ਪਏ ਰੌਲੇ ‘ਤੇ ਪ੍ਰੋ. ਚੰਦੂਮਾਜਰਾ ਨੇ ਦਿਤਾ ਸਪੱਸ਼ਟੀਕਰਨ

0
Screenshot 2025-10-16 195124sss

ਕਿਹਾ, ਮੁਲਾਕਾਤ ਦੇ ਸਿਆਸੀ ਅਰਥ ਨਹੀਂ ਕਢਣੇ ਚਾਹੀਦੇ
(ਸੁਖਵਿੰਦਰ ਸੁੱਖੀ)
ਮੋਰਿੰਡਾ, 16 ਅਕਤੂਬਰ : ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਹਾਲ ਹੀ ਵਿਚ ਦਿੱਲੀ ਦੇ ਉਦਯੋਗ ਮੰਤਰੀ ਮਨਜਿੰਦਰ ਸਿੰਘ ਸਿਰਸਾ ਨਾਲ ਹੋਈ ਆਪਣੀ ਮੁਲਾਕਾਤ ਸਬੰਧੀ ਚੱਲ ਰਹੀਆਂ ਰਾਜਸੀ ਚਰਚਾਵਾਂ ‘ਤੇ ਵੱਡਾ ਬਿਆਨ ਦਿੰਦਿਆਂ ਇਹਨਾਂ ਚਰਚਾਵਾਂ ਨੂੰ ਨਿਰਮੂਲ ਕਰਾਰ ਦਿੱਤਾ ਹੈ। ਇਥੇ ਪੰਥਕ ਕਵੀ ਬਲਬੀਰ ਸਿੰਘ ਬੱਲ ਦੀ ਪਤਨੀ ਸਵ. ਸਤਵੰਤ ਕੌਰ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਲਈ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਪਹੁੰਚੇ ਪ੍ਰੋ. ਚੰਦੂਮਾਜਰਾ ਨੇ ਸਪੱਸ਼ਟ ਕੀਤਾ ਕਿ ਇਹ ਮੁਲਾਕਾਤ ਕਿਸੇ ਵੀ ਰਾਜਸੀ ਮਨਸੂਬੇ ਤਹਿਤ ਨਹੀਂ ਹੋਈ ਸੀ, ਨਾ ਹੀ ਇਸ ਨੂੰ ਕਿਸੇ ਨਵੇਂ ਰਾਜਨੀਤਿਕ ਗਠਜੋੜ ਜਾਂ ਦਾਖ਼ਲੇ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਹ ਮਾਇਕਰੋ, ਸਮਾਲ ਅਤੇ ਮੀਡੀਅਮ ਇੰਟਰਪ੍ਰਾਈਜ਼ਜ਼ ਨਾਲ ਜੁੜੇ ਕੁਝ ਉਦਯੋਗਪਤੀਆਂ ਦੇ ਇਕ ਵਫ਼ਦ ਦੇ ਸਾਥੀ ਵਜੋਂ ਸ੍ਰੀ ਸਿਰਸਾ ਨੂੰ ਮਿਲਣ ਗਏ ਸਨ। ਪ੍ਰੋ. ਚੰਦੂਮਾਜਰਾ ਨੇ ਕਿਹਾ, “ਪੰਜਾਬ ਅਤੇ ਦਿੱਲੀ ਵਿਚ ਛੋਟੇ ਉਦਯੋਗਾਂ ਨੂੰ ਅਨੇਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਮੁਲਾਕਾਤ ਇਨ੍ਹਾਂ ਹੀ ਮੁੱਦਿਆਂ ਨੂੰ ਲੈ ਕੇ ਹੋਈ ਸੀ। ਉਦਯੋਗਪਤੀਆਂ ਨੇ ਉਮੀਦ ਜਤਾਈ ਸੀ ਕਿ ਜੇਕਰ ਦਿੱਲੀ ਦੇ ਉਦਯੋਗ ਮੰਤਰੀ ਸ੍ਰੀ ਸਿਰਸਾ ਨੂੰ ਇਹ ਸਬੰਧੀ ਮਸਲੇ ਪੇਸ਼ ਕੀਤੇ ਜਾਣ ਤਾਂ ਜੋ ਕੋਈ ਹੱਲ ਨਿਕਲ ਸਕੇ।” ਉਨ੍ਹਾਂ ਇਹ ਵੀ ਕਿਹਾ ਇਸ ਸਬੰਧੀ ਵਿਰੋਧੀਆਂ ਵਲੋਂ ਲਗਾਏ ਜਾ ਰਹੇ ਤਰ੍ਹਾਂ-ਤਰ੍ਹਾਂ ਦੇ ਦੂਸ਼ਣ ਬਿਲਕੁਲ ਨਿਰਮੂਲ ਹਨ ਕਿ ਉਹ ਇਸ ਮੁਲਾਕਾਤ ਰਾਹੀ ਭਾਜਪਾ ਵਿਚ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਰੋਧੀ ਪਾਰਟੀ ਦੀਆਂ ਸਰਕਾਰਾਂ ਵਿਚ ਆਪਣੇ ਖਿੱਤੇ ਦੇ ਲੋਕਾਂ ਦੇ ਮਸਲੇ ਹੱਲ ਕਰਵਾਉਣ ਲਈ ਮੰਤਰੀਆਂ ਨੂੰ ਮਿਲਣ ਦੇ ਰਾਜਸੀ ਅਰਥ ਕੱਢਣ ਤੋ ਪਹਿਲਾਂ ਸਬੰਧਤ ਲੋਕਾਂ ਦੀਆਂ ਸਮੱਸਿਆਵਾ ਵੱਲ ਨਜ਼ਰ ਮਾਰਨੀ ਚਾਹੀਦੀ ਹੈ ਅਤੇ ਅਫਵਾਹਾਂ ਫੈਲਾਉਣ ਤੋਂ ਗਰੇਜ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *