ਮਾਲੇਰਕੋਟਲਾ ਦੀ ਜੇਲ ਵਿਚ ਕੈਦੀ ਦੀ ਮੌਤ


ਪਿਤਾ ਵਲੋਂ ਪੁੱਤਰ ਦੀ ਮੌਤ ਨੂੰ ਕੁਦਰਤੀ ਮੰਨਣ ਤੋਂ ਇਨਕਾਰ
ਮਾਲੇਰਕੋਟਲਾ, 27 ਜੁਲਾਈ (ਮੁਨਸ਼ੀ ਫ਼ਾਰੂਕ) : ਲੰਘੀ ਰਾਤ ਸਬ ਜੇਲ ਮਾਲੇਰਕੋਟਲਾ ’ਚ ਬੰਦ ਇਕ 29 ਸਾਲਾ ਕੈਦੀ ਦੀ ਮੌਤ ਹੋ ਗਈ। ਕੈਦੀ ਦੀ ਪਛਾਣ ਮੁਹੰਮਦ ਸ਼ਹਿਜ਼ਾਦ ਪੁੱਤਰ ਮੁਹੰਮਦ ਕਦਸ ਵਾਸੀ ਢੰਡਾਰੀ ਖ਼ੁਰਦ, ਲੁਧਿਆਣਾ ਵਜੋਂ ਹੋਈ ਹੈ। ਜੇਲ ਸੁਪਰਡੈਂਟ ਪ੍ਰਦੁਮਣ ਸਿੰਘ ਤੇਈਪੁਰ ਨੇ ਦੱਸਿਆ ਕਿ ਕੈਦੀ ਮੁਹੰਮਦ ਸ਼ਹਿਜ਼ਾਦ ਦੀ ਰਾਤ ਬੈਰਕ ਅੰਦਰ ਐਕਸਰਸਾਈਸ਼ ਕਰਨ ਪਿੱਛੋਂ ਤਬੀਅਤ ਵਿਗੜ ਗਈ। ਜੇਲ ਦੇ ਡਾਕਟਰ ਵਲੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਮਾਲੇਰਕੋਟਲਾ ਭੇਜਿਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਕੈਦੀ ਦੇ ਪਿਤਾ ਮੁਹੰਮਦ ਕੁਦਸ ਨੇ ਆਪਣੇ ਪੁੱਤਰ ਦੀ ਮੌਤ ਨੂੰ ਕੁਦਰਤੀ ਮੌਤ ਮੰਨਣ ਤੋਂ ਇਨਕਾਰ ਕਰਦਿਆਂ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਕਿਹਾ ਹੈ ਕਿ ਉਸ ਦੇ ਪੁੱਤਰ ਨੂੰ ਕੋਈ ਵੀ ਬਿਮਾਰੀ ਨਹੀਂ ਸੀ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਸੀ। ਥਾਣਾ ਸਿਟੀ-1 ਮਾਲੇਰਕੋਟਲਾ ਪੁਲਿਸ ਨੇ ਮ੍ਰਿਤਕ ਕੈਦੀ ਮੁਹੰਮਦ ਸ਼ਹਿਜ਼ਾਦ ਦੇ ਪਿਤਾ ਮੁਹੰਮਦ ਕੁਦਸ ਦੇ ਬਿਆਨ ਕਲਮਬੰਦ ਕਰਕੇ ਲਾਸ ਦਾ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸ਼ਾਂ ਨੂੰ ਸੌਂਪ ਦਿਤੀ।
