ਬਲੋਚਿਸਤਾਨ ‘ਚ ਪੁਲਿਸ ਸਟੇਸ਼ਨ ਤੇ ਬੈਂਕਾਂ ਨੂੰ ਅੱਗ ਲਗਾ ਕੇ ਸਾੜਿਆ

0
BALO

ਘਟਨਾ ‘ਚ ਇਕ ਬੱਚੇ ਦੀ ਮੌਤ, 9 ਹੋਰ ਜ਼ਖਮੀ

ਪਾਕਿ ਫ਼ੌਜੀਆਂ ਨੇ ਇਕ ਹੋਰ ਔਰਤ ਰੁਬੀਨਾ ਬਲੋਚ ਨੂੰ ਕੀਤਾ ਅਗਵਾ

ਕੋਇਟਾ, 1 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਸੂਬੇ ਵਿਚ ਮੰਗਲਵਾਰ ਨੂੰ ਬੰਦੂਕਾਂ ਅਤੇ ਰਾਕੇਟਾਂ ਨਾਲ ਲੈਸ ਦਰਜਨਾਂ ਵਿਦਰੋਹੀਆਂ ਨੇ ਇਕ ਪੁਲਿਸ ਸਟੇਸ਼ਨ ‘ਤੇ ਹਮਲਾ ਕੀਤਾ ਜਦਕਿ ਦੋ ਬੈਂਕ ਸ਼ਾਖਾਵਾਂ ਨੂੰ ਉਡਾ ਦਿਤਾ। ਇਸ ਘਟਨਾ ਵਿਚ ਇਕ ਬੱਚੇ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ।

ਹਾਲਾਂਕਿ ਅਜੇ ਤੱਕ ਕਿਸੇ ਵੀ ਸੰਗਠਨ ਨੇ ਇਸਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਬਲੋਚ ਲਿਬਰੇਸ਼ਨ ਆਰਮੀ (ਬੀਐਲਏ) ‘ਤੇ ਸ਼ੱਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਖੈਬਰ ਪਖਤੂਨਖਵਾ ਸੂਬੇ ਦੇ ਲੱਕੀ ਮਾਰਵਾਤ ਜ਼ਿਲ੍ਹੇ ਵਿਚ ਅਣਪਛਾਤੇ ਬੰਦੂਕਧਾਰੀਆਂ ਦੇ ਹਮਲੇ ਵਿਚ ਦੋ ਟ੍ਰੈਫਿਕ ਪੁਲਿਸ ਕਰਮਚਾਰੀ ਮਾਰੇ ਗਏ ਹਨ।

ਅਫ਼ਸਰਾਂ ਨੇ ਕਿਹਾ ਕਿ ਸਾਰੇ ਵਿਦਰੋਹੀ ਬੰਦੂਕਾਂ ਅਤੇ ਰਾਕੇਟ ਲਾਂਚਰਾਂ ਨਾਲ ਲੈਸ ਸਨ। ਬਲੋਚਿਸਤਾਨ ਦੇ ਮਸਤੁੰਗ ਜ਼ਿਲ੍ਹੇ ਵਿਚ ਵਿਦਰੋਹੀਆਂ ਨੇ ਨਾਗਰਿਕਾਂ ‘ਤੇ ਹਮਲਾ ਕੀਤਾ ਅਤੇ ਗੋਲੀਆਂ ਚਲਾਈਆਂ। ਸਥਾਨਕ ਸਰਕਾਰੀ ਅਧਿਕਾਰੀ ਜਾਨ ਮੁਹੰਮਦ ਨੇ ਦਾਅਵਾ ਕੀਤਾ ਕਿ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਕੁਝ ਵਿਦਰੋਹੀ ਵੀ ਮਾਰੇ ਗਏ। ਜਦੋਂ ਕਿ ਸੂਬਾਈ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਦ ਨੇ ਕਿਹਾ ਕਿ ਹਮਲਾਵਰਾਂ ਨੂੰ ਫੜਨ ਲਈ ਇਕ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਏਐਨਆਈ ਦੇ ਅਨੁਸਾਰ, ਪਾਕਿਸਤਾਨੀ ਸੁਰੱਖਿਆ ਬਲਾਂ ਦੁਆਰਾ ਬਲੋਚਿਸਤਾਨ ਵਿਚ ਇਕ ਹੋਰ ਔਰਤ ਨੂੰ ਅਗਵਾ ਕੀਤਾ ਗਿਆ ਹੈ। ਪਿਛਲੇ ਇਕ ਮਹੀਨੇ ਵਿਚ ਇਹ ਦੂਜੀ ਅਜਿਹੀ ਘਟਨਾ ਹੈ। ਬਲੋਚਿਸਤਾਨ ਪੋਸਟ ਦੇ ਅਨੁਸਾਰ 30 ਸਾਲਾ ਰੁਬੀਨਾ ਬਲੋਚ ਨੂੰ ਸੋਮਵਾਰ ਨੂੰ ਉਸ ਸਮੇਂ ਅਗਵਾ ਕੀਤਾ ਗਿਆ ਜਦੋਂ ਉਹ ਤੁਰਬਤ ਸ਼ਹਿਰ ਵਿਚ ਆਪਣੀ ਭੈਣ ਦੇ ਘਰ ਗਈ ਸੀ।

ਦੱਸਣਯੋਗ ਹੈ ਕਿ ਬਲੋਚਿਸਤਾਨ ਲੰਬੇ ਸਮੇਂ ਤੋਂ ਆਜ਼ਾਦੀ ਦੀ ਮੰਗ ਕਰ ਰਹੇ ਵੱਖਵਾਦੀ ਸੰਗਠਨਾਂ ਦੁਆਰਾ ਵਿਦਰੋਹ ਦਾ ਗਵਾਹ ਰਿਹਾ ਹੈ। ਇਹ ਸੂਬਾ ਪਾਕਿਸਤਾਨੀ ਤਾਲਿਬਾਨ ਅਤੇ ਇਸਲਾਮਿਕ ਸਟੇਟ ਸੰਗਠਨ ਨਾਲ ਜੁੜੇ ਅੱਤਵਾਦੀਆਂ ਦਾ ਗੜ੍ਹ ਵੀ ਰਿਹਾ ਹੈ।

Leave a Reply

Your email address will not be published. Required fields are marked *