ਸ਼ਾਹਕੋਟ ਵਿਚ ਪ੍ਰਚਾਰ ਕਰਦੇ ਭਾਜਪਾ ਆਗੂਆਂ ਨੂੰ ਘਸੀਟ-ਘਸੀਟ ਕੇ ਲੈ ਗਈ ਪੁਲਿਸ !


ਜਲੰਧਰ, 21 ਅਗਸਤ (ਨਿਊਜ਼ ਟਾਊਨ ਨੈਟਵਰਕ)
ਪੰਜਾਬ ਵਿਚ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਸ਼ੁਰੂ ਕੀਤੀਆਂ ਕਲਿਆਣਕਾਰੀ ਅਤੇ ਲੋਕ ਭਲਾਈ ਵਾਲੀਆਂ ਯੋਜਨਾਵਾਂ ਦਾ ਪ੍ਰਚਾਰ ਕਰਨ ਸ਼ਾਇਦ ਪੰਜਾਬ ਸਰਕਾਰ ਨੇ ਬੰਦ ਕਰ ਦਿਤਾ ਹੈ। ਜਲੰਧਰ ਵਿਚ ਯੋਜਨਾਵਾਂ ਦਾ ਪ੍ਰਚਾਰ ਕਰ ਰਹੇ ਦੋ ਸੀਨੀਅਰ ਬੀ.ਜੇ.ਪੀ ਆਗੂਆਂ ਨੂੰ ਪੁਲਿਸ ਵਲੋਂ ਹਿਰਾਸਤ ’ਚ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜਲੰਧਰ ਪੁਲਿਸ ਨੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਸੀਨੀਅਰ ਭਾਜਪਾ ਨੇਤਾ ਕੇ.ਡੀ. ਭੰਡਾਰੀ ਸਮੇਤ ਹੋਰ ਭਾਜਪਾ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਵਿਰੁੱਧ ਨਾਹਰੇਬਾਜ਼ੀ ਕੀਤੀ ਗਈ। ਆਗੂਆਂ ਨੂੰ ਪੁਲਿਸ ਨੇ ਘਸੀਟ ਕੇ ਗੱਡੀ ਵਿੱਚ ਬਿਠਾ ਲਿਆ। ਭਾਜਪਾ ਨੇਤਾਵਾਂ ਨੇ ਸ਼ਾਹਕੋਟ ਦੀ ਦਾਣਾ ਮੰਡੀ ਵਿਚ ਇਕ ਕੈਂਪ ਲਗਾਇਆ ਸੀ ਜਿਸ ਵਿਚ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਫ਼ੋਰਸ ਉਥੇ ਪਹੁੰਚ ਗਈ ਅਤੇ ਭਾਜਪਾ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਭਾਜਪਾ ਵਰਕਰ ਮੌਕੇ ‘ਤੇ ਵਿਰੋਧ ਪ੍ਰਦਰਸ਼ਨ ਕੀਤਾ। ਉਧਰ, ਪੁਲਿਸ ਵਲੋਂ ਗਿੱਦੜਬਾਹਾ ਤੋਂ ਬੀ.ਜੇ.ਪੀ ਆਗੂ ਪ੍ਰੀਤਪਾਲ ਸ਼ਰਮਾ ਨੂੰ ਹਿਰਾਸਤ ਵਿਚ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਬੀ.ਜੇ.ਪੀ. ਤੋਂ ਆਮ ਆਦਮੀ ਪਾਰਟੀ ਡਰ ਗਈ ਹੈ।
ਮਾਨ ਸਰਕਾਰ ਲੋਕਾਂ ਨੂੰ ਕੇਂਦਰ ਦੀ ਸਕੀਮ ਤੋਂ ਦੂਰ ਰੱਖਣਾ ਚਾਹੁੰਦੀ ਹੈ। ਪੁਲਿਸ ਦੀ ਆੜ ’ਚ ਲੋਕਾਂ ਨੂੰ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੰਜਾਬ ’ਚ ਪੁਲਿਸ ਬੀ.ਜੇ.ਪੀ ਆਗੂਆਂ ਨੂੰ ਨਜ਼ਰਬੰਦਕਰ ਰਹੀ ਹੈ। ਫ਼ਤਹਿਗੜ੍ਹ ਸਾਹਿਬ ਵਿਚ ਦੀਦਾਰ ਸਿੰਘ ਭੱਟੀ ਨੂੰ ਘਰ ਵਿਚ ਹੀ ਨਜ਼ਰਬੰਦ ਕੀਤਾ ਗਿਆ। ਬੀ.ਜੇ.ਪੀ ਵਲੋਂ ਇਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਚੱਲਦੇ ਉਨ੍ਹਾਂ ਵਲੋਂ ਜਲੰਧਰ ’ਚ ਕੈਂਪ ਲਗਾਇਆ ਗਿਆ ਸੀ। ਬੀ.ਜੇ.ਪੀ ਵਲੋਂ ਭਾਜਪਾ ਦੇ ਸੇਵਾਦਾਰ ਆ ਗਏ ਤੁਹਾਡੇ ਦੁਆਰ ਤਹਿਤ ਕੈਂਪ ਲਗਾਏ ਜਾ ਰਹੇ ਹਨ ਜਿਸ ’ਚ ਬੀ.ਜੇ.ਪੀ ਆਗੂਆਂ ਵਲੋਂ ਲੋਕਾਂ ਨੂੰ ਕੇਂਦਰ ਦੀਆਂ ਸਕੀਮਾਂ ਪ੍ਰਤੀ ਜਾਗਰੂਕ ਕਰਵਾਉਣਾ ਹੈ। ਦੱਸਣਯੋਗ ਹੈ ਕਿ ਹਾਲ ਹੀ ਵਿਚ ਭਾਜਪਾ ਦੁਆਰਾ ਜਨਤਕ ਸਹੂਲਤਾਂ ਲਈ ਲਗਾਏ ਗਏ 39 ਕੈਂਪਾਂ ਨੂੰ ਬੰਦ ਕਰਨ ‘ਤੇ ਤਣਾਅ ਪੈਦਾ ਹੋਇਆ ਸੀ। ਭਾਜਪਾ ਨੇ ਇਲਜ਼ਾਮ ਲਗਾਇਆ ਸੀ ਕਿ ਸਰਕਾਰ ਜਾਣਬੁਝ ਕੇ ਸਾਡੇ ਕੈਂਪਾਂ ਨੂੰ ਰੋਕ ਰਹੀ ਹੈ। ਨਵੇਂ ਪੱਤਰ ਅਨੁਸਾਰ, ਹੁਣ ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਵੀ ਕੈਂਪ ਜਾਂ ਗਤੀਵਿਧੀ ਸਥਾਪਤ ਨਹੀਂ ਕੀਤੀ ਜਾ ਸਕਦੀ।