ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ 3 ਵਿਅਕਤੀ ਪੁਲਿਸ ਨੇ ਚੁੱਕੇ


3 ਵਿਅਕਤੀਆਂ ਨੂੰ ਤੇਜ਼ਧਾਰ ਹਥਿਆਰਾ ਸਮੇਤ ਕੀਤਾ ਕਾਬੂ
ਫ਼ਰੀਦਕੋਟ, 24 ਨਵੰਬਰ (ਵਿਪਨ ਮਿੱਤਲ) :
ਫ਼ਰੀਦਕੋਟ ਦੇ ਐਸਐਸਪੀ ਡਾ. ਪ੍ਰਗਿਆ ਜ਼ੈਨ ਦੀ ਅਗਵਾਈ ਹੇਠ ਫ਼ਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਐਸਪੀ ਜੋਗੇਸ਼ਵਰ ਸਿੰਘ ਗੋਰਾਇਆ (ਇੰਨਵੈਸਟੀਗੇਸ਼ਨ) ਫ਼ਰੀਦਕੋਟ ਦੀ ਰਹਿਨੁਮਾਈ ਅਤੇ ਤਰਲੋਚਨ ਸਿੰਘ ਡੀ.ਐਸ.ਪੀ (ਸ.ਡ) ਫ਼ਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇੱਕ ਵੱਡੀ ਸਫਲਤਾ ਹਾਸਿਲ ਕਰਦਿਆਂ ਥਾਣਾ ਸਿਟੀ-2 ਫ਼ਰੀਦਕੋਟ ਵੱਲੋਂ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 3 ਵਿਅਕਤੀਆਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ।ਗ੍ਰਿਫਤਾਰ ਵਿਅਕਤੀਆਂ ਦੀ ਪਹਿਚਾਣ ਸਾਹਿਲ ਉਰਫ ਕਾਲੂ (ਵਾਸੀ ਸੰਜੇ ਨਗਰ), ਮਾਈਕਲ ਮਸੀਹ ਉਰਫ ਹੈਰੀ (ਵਾਸੀ ਗੁਰੂ ਅਰਜਨ ਦੇਵ ਨਗਰ, ਫ਼ਰੀਦਕੋਟ) ਅਤੇ ਸੂਰਜ ਉਰਫ ਹੈਰੀ (ਵਾਸੀ ਜੋਤ ਰਾਮ ਕਲੋਨੀ, ਫ਼ਰੀਦਕੋਟ) ਵਜੋਂ ਹੋਈ ਹੈ। ਪੁਲਿਸ ਪਾਰਟੀ ਵੱਲੋਂ ਵਿਅਕਤੀਆਂ ਕੋਲੋਂ 1 ਕ੍ਰਿਪਾਨ, 1 ਕਿਰਚ ਅਤੇ 1 ਨਲਕੇ ਦੀ ਹੱਥੀ ਬਰਾਮਦ ਕੀਤੀ ਗਈ ਹੈ।ਜਾਣਕਾਰੀ ਮੁਤਾਬਿਕ ਥਾਣੇਦਾਰ ਸੁਖਰਦਸ਼ਨ ਕੁਮਾਰ ਮੁੱਖ ਅਫਸਰ ਥਾਣਾ ਸਿਟੀ-2 ਫ਼ਰੀਦਕੋਟ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆ ਦੀ ਚੈਕਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇੱਕ ਸੂਚਨਾ ਮਿਲੀ ਕਿ ਉਕਤ ਸਾਰੇ ਵਿਅਕਤੀ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਲੋਕਾਂ ਨੂੰ ਡਰਾ ਧਮਕਾ ਕੇ ਲੁੱਟਾਂ-ਖੋਹਾਂ ਕਰਦੇ ਹਨ ਅਤੇ ਜੋ ਅੱਜ ਵੀ ਏਰੀਆ ਵਿੱਚ ਘੁੰਮ ਰਹੇ ਹਨ। ਜਿਸ ਸੂਚਨਾ ਦੇ ਅਧਾਰ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਵੱਲੋਂ ਇਹਨਾਂ ਸਾਰੇ ਵਿਅਕਤੀਆਂ ਨੂੰ ਜਹਾਜ ਗਰਾਊਂਡ ਦੇ ਨਜ਼ਦੀਕ ਉਸ ਸਮੇਤ ਗ੍ਰਿਫਤਾਰ ਕੀਤਾ ਗਿਆ, ਜਦ ਉਹ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਪਾਰਟੀ ਵੱਲੋਂ ਮੌਕੇ ’ਤੇ ਇਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ।ਇਸ ਸਬੰਧੀ ਥਾਣਾ ਸਿਟੀ ਫ਼ਰੀਦਕੋਟ ਵਿਖੇ ਮਕੱਦਮਾ ਨੰਬਰ 481 ਅ/ਧ 111(2) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਂਡ ਹਾਸਿਲ ਕਰਨ ਉਪਰੰਤ ਵਿਅਕਤੀਆਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।
