PM ਮੋਦੀ ਨੇ ਮਾਰੂਤੀ ਦੀ ਪਹਿਲੀ EV VITARA ਨੂੰ ਕੀਤਾ ਲਾਂਚ

ਅਹਿਮਦਾਬਾਦ, 26 ਅਗਸਤ (ਨਿਊਜ਼ ਟਾਊਨ ਨੈਟਵਰਕ):
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਹਿਮਦਾਬਾਦ ਦੇ ਹੰਸਲਪੁਰ ਵਿਚ ਸੁਜ਼ੂਕੀ ਮੋਟਰ ਪਲਾਂਟ ਤੋਂ ਕੰਪਨੀ ਦੇ ਪਹਿਲੇ ਗਲੋਬਲ ਸਟ੍ਰੈਟੇਜਿਕ ਬੈਟਰੀ ਇਲੈਕਟ੍ਰਿਕ ਵਾਹਨ (BEV) ‘ਈ-ਵਿਟਾਰਾ’ ਨੂੰ ਹਰੀ ਝੰਡੀ ਵਿਖਾਈ। ਇਹ ਪੂਰੀ ਤਰ੍ਹਾਂ ਭਾਰਤ ਵਿਚ ਬਣੀ ਇਲੈਕਟ੍ਰਿਕ ਕਾਰ ਹੈ। ਇਸ ਕਾਰ ਨੂੰ ਹੁਣ ਯੂਰਪ ਅਤੇ ਜਾਪਾਨ ਵਰਗੇ ਵਿਕਸਤ ਦੇਸ਼ਾਂ ਸਮੇਤ 100 ਤੋਂ ਵੱਧ ਦੇਸ਼ਾਂ ਵਿਚ ਨਿਰਯਾਤ ਕੀਤਾ ਜਾਵੇਗਾ। ਇਸ ਪ੍ਰਾਪਤੀ ਨਾਲ, ਭਾਰਤ ਸੁਜ਼ੂਕੀ ਦਾ ‘ਗਲੋਬਲ ਨਿਰਮਾਣ ਕੇਂਦਰ’ ਬਣ ਜਾਵੇਗਾ। ਇਸ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਸੁਜ਼ੂਕੀ ਮੋਟਰ ਪਲਾਂਟ ਵਿਖੇ ਦੋ ਇਤਿਹਾਸਕ ਪ੍ਰਾਜੈਕਟਾਂ ਦਾ ਉਦਘਾਟਨ ਵੀ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਵਿਚ TDS ਲਿਥੀਅਮ-ਆਇਨ ਬੈਟਰੀ ਪਲਾਂਟ ਵਿਖੇ ਹਾਈਬ੍ਰਿਡ ਬੈਟਰੀ ਇਲੈਕਟ੍ਰੋਡ ਦੇ ਸਥਾਨਕ ਉਤਪਾਦਨ ਦੀ ਸ਼ੁਰੂਆਤ ਕੀਤੀ। ਇਹ ਪਲਾਂਟ ਤੋਸ਼ੀਬਾ, ਡੇਨਸੋ ਅਤੇ ਸੁਜ਼ੂਕੀ ਦਾ ਸਾਂਝਾ ਉੱਦਮ ਹੈ। ਇਸ ਨਾਲ ਭਾਰਤ ਦੀ ਬੈਟਰੀ ਉਤਪਾਦਨ ਸਮਰੱਥਾ ਮਜ਼ਬੂਤ ਹੋਵੇਗੀ ਅਤੇ ਦੇਸ਼ ਦੀ ਬੈਟਰੀ ਮੁੱਲ ਦਾ 80 ਫ਼ੀ ਸਦੀ ਤੋਂ ਵੱਧ ਹੁਣ ਇਥੇ ਬਣਾਇਆ ਜਾਵੇਗਾ। ਸੁਜ਼ੂਕੀ ਮੋਟਰ ਗੁਜਰਾਤ ਪਲਾਂਟ, ਹੰਸਲਪੁਰ, ਅਹਿਮਦਾਬਾਦ ਵਿਚ ਸਥਿਤ ਹੈ, ਲਗਭਗ 640 ਏਕੜ ਜ਼ਮੀਨ ਵਿਚ ਫੈਲਿਆ ਹੋਇਆ ਹੈ। ਇਸ ਦੀ ਸਾਲਾਨਾ ਉਤਪਾਦਨ ਸਮਰੱਥਾ ਲਗਭਗ 7.5 ਲੱਖ ਯੂਨਿਟ ਹੈ ਜੋ ਹੁਣ ਇਸ ਨਵੀਂ ਅਸੈਂਬਲੀ ਲਾਈਨ ਦੇ ਉਦਘਾਟਨ ਤੋਂ ਬਾਅਦ ਹੋਰ ਵਧੇਗੀ। ਇਸ ਪਲਾਂਟ ਵਿਚ ਤਿੰਨ ਉਤਪਾਦਨ ਲਾਈਨਾਂ ਹਨ।
ਇਹ ਪਲਾਂਟ ਮਾਰਚ 2014 ਵਿਚ ਸ਼ੁਰੂ ਕੀਤਾ ਗਿਆ ਸੀ। ਇਸ ਪਲਾਂਟ ਦਾ ਉਦੇਸ਼ ਘਰੇਲੂ ਅਤੇ ਨਿਰਯਾਤ ਬਾਜ਼ਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ। ਇਸ ਪਲਾਂਟ ਵਿਚ ਸਭ ਤੋਂ ਪਹਿਲਾਂ ਸੁਜ਼ੂਕੀ ਬਲੇਨੋ ਦਾ ਉਤਪਾਦਨ ਕੀਤਾ ਗਿਆ ਸੀ। 2018 ਵਿਚ, ਅਗਲੀ ਪੀੜ੍ਹੀ ਦੀ ਮਾਰੂਤੀ ਸੁਜ਼ੂਕੀ ਸਵਿਫਟ ਹੈਚਬੈਕ ਦਾ ਉਤਪਾਦਨ ਸ਼ੁਰੂ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮਾਰੂਤੀ ਈ ਵਿਟਾਰਾ ਹੁਣ 2025 ਵਿਚ ਲਾਂਚ ਕੀਤੀ ਗਈ ਹੈ। ਭਾਰਤ ਦੇ ਮੇਕ ਇਨ ਇੰਡੀਆ ਵਿਚ ਇਕ ਨਵਾਂ ਅਧਿਆਇ ਜੋੜਿਆ ਜਾ ਰਿਹਾ ਹੈ। ਜਾਪਾਨ ਦੀ ਸੁਜ਼ੂਕੀ ਕੰਪਨੀ ਭਾਰਤ ਵਿਚ ਨਿਰਮਾਣ ਕਰ ਰਹੀ ਹੈ। ਜੋ ਵਾਹਨ ਬਣਾਏ ਜਾ ਰਹੇ ਹਨ ਉਨ੍ਹਾਂ ਨੂੰ ਵਾਪਸ ਜਪਾਨ ਵਿਚ ਨਿਰਯਾਤ ਕੀਤਾ ਜਾ ਰਿਹਾ ਹੈ। ਇਕ ਤਰ੍ਹਾਂ ਨਾਲ, ਮਾਰੂਤੀ ਸੁਜ਼ੂਕੀ ਮੇਕ ਇਨ ਇੰਡੀਆ ਦੀ ਬ੍ਰਾਂਡ ਅੰਬੈਸਡਰ ਬਣ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਾਰੇ ਰਾਜਾਂ ਨੂੰ ਸੱਦਾ ਦਿੰਦੇ ਹਨ ਕਿ ਆਓ, ਸੁਧਾਰਾਂ ਲਈ ਮੁਕਾਬਲਾ ਕਰੀਏ, ਵਿਕਾਸ ਪੱਖੀ ਨੀਤੀਆਂ ਲਈ ਮੁਕਾਬਲਾ ਕਰੀਏ ਅਤੇ ਚੰਗੇ ਸ਼ਾਸਨ ਲਈ ਮੁਕਾਬਲਾ ਕਰੀਏ। ਆਉ! ਅਸੀਂ ਸਵਦੇਸ਼ੀ ਵੱਲ ਮਾਣ ਨਾਲ ਅੱਗੇ ਵਧੀਏ।ਅਸੀਂ 2047 ਤਕ ਇਕ ਵਿਕਸਤ ਭਾਰਤ ਬਣਾਵਾਂਗੇ।