ਚੰਡੀਗੜ੍ਹ ਦੇ ਅਹਾਤੇ ‘ਚ ਖਾਣਾ ਖਾਂਦਿਆਂ ਪਨੀਰ ਟਿੱਕੇ ‘ਚੋਂ ਨਿਕਲੇ ਚਿਕਨ ਦੇ ਟੁਕੜੇ


(ਨਿਊਜ਼ ਟਾਊਨ ਨੈਟਵਰਕ)
ਚੰਡੀਗੜ੍ਹ, 25 ਜੂਨ : ਚੰਡੀਗੜ੍ਹ ਦੇ ਸੈਕਟਰ-11 ਵਿਚ ਸਥਿਤ ਸ਼ਰਾਬ ਠੇਕੇ ਦੇ ਅਹਾਤੇ ਵਿਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ 4 ਨੌਜਵਾਨ ਅਹਾਤੇ ਵਿਚ ਬੈਠੇ ਖਾਣਾ ਖਾ ਰਹੇ ਸਨ ਤਾਂ ਉਨ੍ਹਾਂ ਨੇ ਪਨੀਰ ਟਿੱਕਾ ਆਰਡਰ ਕੀਤਾ ਪਰ ਜਦੋਂ ਖਾਣਾ ਪਰੋਸਿਆ ਗਿਆ ਤਾਂ ਉਸ ਵਿਚ ਚਿਕਨ ਦੇ ਟੁਕੜੇ ਮਿਲੇ ਹੋਏ ਸਨ। ਜਦੋਂ ਸ਼ਾਕਾਹਾਰੀ ਨੌਜਵਾਨਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਤਾਂ ਉਲਟਾ ਇਨ੍ਹਾਂ ਨੌਜਵਾਨਾਂ ਨਾਲ ਹੀ ਅਹਾਤਾ ਕਰਮਚਾਰੀਆਂ ਵਲੋਂ ਬਦਸਲੂਕੀ ਕੀਤੀ ਗਈ।
ਨੌਜਵਾਨਾਂ ਨੇ ਅਹਾਤੇ ਦੇ ਮੈਨੇਜਰ ਨੂੰ ਬੁਲਾਉਣ ਦੀ ਮੰਗ ਕੀਤੀ ਪਰ ਮੌਕੇ ‘ਤੇ ਮੌਜੂਦ ਕਰਮਚਾਰੀਆਂ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਦੇ ਉਲਟ ਨੌਜਵਾਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ। ਇਸ ਘਟਨਾ ਤੋਂ ਨਾਰਾਜ਼ ਨੌਜਵਾਨਾਂ ਨੇ ਕਿਹਾ ਹੈ ਕਿ ਉਹ ਯੂਟੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਮਾਮਲੇ ਬਾਰੇ ਸੂਚਿਤ ਕਰਨਗੇ, ਤਾਂ ਕਿ ਖਾਣ-ਪੀਣ ਦੀਆਂ ਵਸਤੂਆਂ ਨੂੰ ਲੈ ਕੇ ਲੋਕਾਂ ਨਾਲ ਹੋ ਰਹੀਆਂ ਲਾਪਰਵਾਹੀਆਂ ਅਤੇ ਧੋਖਾਧੜੀਆਂ ਖਿਲਾਫ ਸਖ਼ਤ ਕਾਰਵਾਈ ਹੋ ਸਕੇ।
