ਸ਼੍ਰੋਮਣੀ ਅਕਾਲੀ ਦਲ ਦੇ ਧਰਨੇ ਵਿਚ ਜੇਬ ਕਤਰਿਆਂ ਦੀਆਂ ਲੱਗੀਆਂ ਮੌਜਾਂ


ਵਿਸ਼ਾਲ ਧਰਨੇ ਦੌਰਾਨ ਕਰੀਬ 50 ਲੱਖ ਦੀ ਚੋਰੀ ਹੋਈ : ਪੁਰਖਾਲਵੀ
(ਲਖਵੀਰ ਸਿੰਘ)
ਮੁਹਾਲੀ, 29 ਜੁਲਾਈ : ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਸਥਾਨਕ ਪੁੱਡਾ ਭਵਨ ਦੇ ਬਾਹਰ ਲਗਾਏ ਗਏ ਵਿਸ਼ਾਲ ਰੋਸ ਪ੍ਰਦਰਸ਼ਨ ਜਿਸ ਵਿਚ ਪਾਰਟੀ ਸੁਪਰੀਮੋ ਸੁਖਬੀਰ ਬਾਦਲ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਐਨ.ਕੇ. ਸ਼ਰਮਾ, ਸੋਹਣ ਸਿੰਘ ਠੰਢਲ, ਦਰਬਾਰਾ ਸਿੰਘ ਗੁਰੂ, ਅਰਸ਼ਦੀਪ ਸਿੰਘ ਕਲੇਰ, ਸਰਬਜੀਤ ਸਿੰਘ ਝਿੰਜਰ, ਜ਼ਿਲ੍ਹਾ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ, ਰਣਬੀਰ ਸਿੰਘ ਸੋਈ ਅਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਆਦਿ ਆਗੂ ਹਾਜ਼ਰ ਸਨ, ਦੌਰਾਨ ਜੇਬ ਕਤਰਿਆਂ ਨੇ ਕਰੀਬ 50 ਲੱਖ ਰੁਪਏ ਦਾ ਕਾਰੋਬਾਰ ਕਰ ਕੇ ਇਕ ਨਵਾਂ ਕਿਰਤੀਮਾਨ ਸਿਰਜ ਦਿਤਾ ਹੈ। ਇਹ ਪ੍ਰਗਟਾਵਾ ਪਾਰਟੀ ਦੇ ਸੀਨੀਅਰ ਆਗੂ ਤੇ ਬੁਲਾਰੇ ਸ਼ਮਸ਼ੇਰ ਪੁਰਖਾਲਵੀ ਨੇ ਸਥਾਨਕ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬੁਲਾਰੇ ਸ਼ਮਸ਼ੇਰ ਪੁਰਖਾਲਵੀ ਨੇ ਅਨੇਕਾਂ ਪੀੜਤਾਂ ਸਮੇਤ ਅੱਜ ਸਥਾਨਕ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਰਨੇ ਦੌਰਾਨ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਭਾਵੇਂ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਪਰ ਫਿਰ ਵੀ ਹਜ਼ਾਰਾਂ ਵਰਕਰਾਂ ਦਾ ਠਾਠਾਂ ਮਾਰਦਾ ਇਕੱਠ ਜੇਬ ਕਤਰੇ ਚੋਰਾਂ ਲਈ ਵਰਦਾਨ ਸਾਬਤ ਹੋਇਆ ਹੈ। ਸ੍ਰੀ ਪੁਰਖਾਲਵੀ ਨੇ ਦੱਸਿਆ ਕੁ ਵਿਧਾਨ ਸਭਾ ਹਲਕਾ ਖਰੜ ਦੇ ਸੀਨੀਅਰ ਅਕਾਲੀ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੌਧਰੀ ਸ਼ਿਆਮ ਲਾਲ ਮਾਜਰੀਆਂ ਜੋ ਆਪਣੇ ਨਾਲ ਭਾਰੀ ਲਾਮ-ਲਸ਼ਕਰ ਨਾਲ ਪੰਡਾਲ ਵਿਚ ਪਹੁੰਚੇ ਸਨ ਦੀ ਜੇਬ ਨੂੰ ਜੇਬ ਕਤਰਿਆਂ ਨੇ ਸਵਾ ਲੱਖ ਦਾ ਚੂਨਾ ਲਾ ਦਿਤਾ ਜਦਕਿ ਉਨ੍ਹਾਂ ਨਾਲ ਆਏ ਇਕ ਹੋਰ ਅਕਾਲੀ ਆਗੂ ਮਨਵੀਰ ਸਿੰਘ ਮਨੀ ਦਾ ਕਰੀਬ 12 ਲੱਖ ਰੁਪਏ ਦਾ ਮਹਿੰਗੇ ਫ਼ੋਨ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਮੋਹਨ ਲਾਲ ਜੈਅੰਤੀ ਮਾਜਰਾ ਅਤੇ ਮੀਤ ਦੇ ਫੋਨ ਤੇ ਵੀ ਹੱਥ ਸਾਫ ਕਰ ਦਿਤਾ। ਸ੍ਰੀ ਪੁਰਖਾਲਵੀ ਨੇ ਦਾਅਵਾ ਕੀਤਾ ਕਿ ਸਟੇਜ ਉਤੇ ਉਨ੍ਹਾਂ ਕੋਲ ਵੱਖ-ਵੱਖ ਲੋਕਾਂ ਦੇ ਅਨੇਕਾਂ ਪਰਸ/ਬਟੂਏ ਪਹੁੰਚਦੇ ਰਹੇ ਜਿਨ੍ਹਾਂ ਨੂੰ ਭੀੜ ਵਿਚੋਂ ਮਿਲੇ ਹੋਣ ਦੀ ਅਨਾਊਂਸਮੈਂਟ ਕਰਕੇ ਇਹ ਸਾਮਾਨ ਪ੍ਰਬੰਧਕਾਂ ਕੋਲੋਂ ਪ੍ਰਾਪਤ ਕਰ ਲੈਣ ਦੀ ਵਾਰ ਵਾਰ ਗੁਹਾਰ ਵੀ ਲਗਾਈ ਗਈ ਜਦਕਿ ਪ੍ਰਬੰਧਕਾਂ ਨੂੰ ਵੀ ਇਸ ਦੀ ਅਸਲੀਅਤ ਦੀ ਭਿਣਕ ਨਹੀਂ ਲੱਗੀ। ਬਾਅਦ ਵਿਚ ਪੀੜਤਾਂ ਵਲੋਂ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਅਨੇਕਾਂ ਮਾਮਲੇ ਆਉਣ ਤੇ ਸਪੱਸ਼ਟ ਹੋਇਆ ਕਿ ਜੇਬ ਕਤਰੇ ਲੋਕਾਂ ਦੀਆਂ ਜੇਬਾਂ ਉਤੇ ਹਾਥ ਸਾਫ਼ ਕਰਨ ਉਪਰੰਤ ਪੈਸੇ ਕੱਢ ਕੇ ਖਾਲੀ ਪਰਸ ਪੰਡਾਲ ਵਿਚ ਹੀ ਸੁਟਦੇ ਰਹੇ ਜਿਨ੍ਹਾਂ ਵਿਚ ਸਬੰਧਤ ਕਾਗ਼ਜ਼ਾਂ ਪ੍ਰਤੀ ਜੇਬ ਕਤਰਿਆਂ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਅਕਾਲੀ ਆਗੂ ਨੇ ਕਿਹਾ ਮੁਹਾਲੀ ਵਿਚ ਹੋਈਆਂ ਅਨੇਕਾਂ ਰੈਲੀਆਂ ਵਿਚ ਹੋਈਆਂ ਚੋਰੀਆਂ ਦਾ ਇਹ ਇਕ ਰਿਕਾਰਡ ਬਣਿਆ ਹੈ ਜਿਹੜਾ ਕਿ ਅਕਾਲੀ ਦਲ ਦੇ ਹਿੱਸੇ ਆਇਆ ਹੈ। ਅਕਾਲੀ ਆਗੂ ਸ਼ਮਸ਼ੇਰ ਪੁਰਖਾਲਵੀ ਨੇ ਦੱਸਿਆ ਕਿ ਮਹਿੰਗੇ ਫ਼ੋਨ ਦੀ ਸਥਾਨਕ ਪੁਲੀਸ ਕੋਲ ਡੀ.ਡੀ.ਆਰ ਦਰਜ ਕਰਵਾ ਦਿਤੀ ਗਈ ਹੈ ਕਿਉਂਕਿ ਉਸ ਵਿਚ ਬਹੁਤ ਅਹਿਮ ਜਾਣਕਾਰੀਆਂ ਅਤੇ ਡਾਟਾ ਸ਼ਾਮਲ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਭੀੜ-ਭਾੜ ਵਾਲੇ ਪ੍ਰੋਗਰਾਮਾਂ ਦੌਰਾਨ ਮਹਿੰਗੀਆਂ ਵਸਤਾਂ ਸਮੇਤ ਨਕਦੀ ਲੈਕੇ ਜਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।