ਪਹਿਲਗਾਮ ਵਿਚ ਮਾਰੇ ਗਏ ਮੇਜਰ ਵਿਨੈ ਨਰਵਾਲ ਦੀ ਪਤਨੀ ਦਾ ਬਣਾਇਆ ਅਸ਼ਲੀਲ ਵੀਡੀਉਯੂ-ਟਿਊਬ ‘ਤੇ ਅਪਲੋਡ ਕਰਨ ਦੇ ਦੋਸ਼ ਵਿਚ ਪਿਤਾ-ਪੁੱਤਰ ਗ੍ਰਿਫ਼ਤਾਰ


ਗੋਪਾਲਗੰਜ, 8 ਜੂਨ 2025 (ਨਿਊਜ਼ ਟਾਊਨ ਨੈਟਵਰਕ) : ਪਹਿਲਗਾਮ ਅੱਤਵਾਦੀ ਹਮਲੇ ਵਿਚ ਮਾਰੇ ਗਏ ਮੇਜਰ ਵਿਨੈ ਨਰਵਾਲ ਦੀ ਪਤਨੀ ਦੇ ਚਿਹਰੇ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਮਦਦ ਨਾਲ ਬਦਲ ਕੇ ਯੂ-ਟਿਊਬ ‘ਤੇ ਨਕਲੀ ਅਸ਼ਲੀਲ ਵੀਡੀਓ ਅਪਲੋਡ ਕਰਨ ਦੇ ਮਾਮਲੇ ਵਿਚ ਹਰਿਆਣਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਗੁਰੂਗ੍ਰਾਮ ਸਾਈਬਰ ਪੁਲਿਸ ਦੀ ਟੀਮ ਨੇ ਬਿਹਾਰ ਦੇ ਗੋਪਾਲਗੰਜ ਪੁਲਿਸ ਦੀ ਮਦਦ ਨਾਲ ਮਾਂਝਾ ਥਾਣਾ ਖੇਤਰ ਦੇ ਧੋਬਵਾਲੀਆ ਪਿੰਡ ਵਿਚ ਛਾਪਾ ਮਾਰਿਆ ਤੇ ਦੋ ਮੁਲਜ਼ਮਾਂ ਪਿਤਾ ਤੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੋਹਿਬੁਲ ਹੱਕ ਅਤੇ ਉਸ ਦੇ ਪੁੱਤਰ ਗੁਲਾਬ ਜਿਲਾਨੀ ਵਜੋਂ ਹੋਈ ਹੈ। ਦੋਹਾਂ ‘ਤੇ ਸ਼ਹੀਦ ਦੀ ਪਤਨੀ ਦੇ ਚਿਹਰੇ ਨੂੰ ਤਬਦੀਲ ਕਰਕੇ ‘ਐਸਐਸ ਰੀਅਲ ਪੁਆਇੰਟ’ ਨਾਮਕ ਯੂ-ਟਿਊਬ ਚੈਨਲ ‘ਤੇ ਵੀਡੀਓ ਅਪਲੋਡ ਕਰਨ ਦਾ ਦੋਸ਼ ਹੈ। ਇਸ ਵੀਡੀਓ ਸਬੰਧੀ ਹਰਿਆਣਾ ਦੇ ਗੁਰੂਗ੍ਰਾਮ ਸਾਈਬਰ ਪੁਲਿਸ ਸਟੇਸ਼ਨ ਵਿਚ ਕੇਸ ਨੰਬਰ 195/25 ਦਰਜ ਕੀਤਾ ਗਿਆ ਸੀ। ਹਰਿਆਣਾ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਬਿਹਾਰ ਦੇ ਗੋਪਾਲਗੰਜ ਤੋਂ ਗ੍ਰਿਫ਼ਤਾਰ ਕੀਤਾ ਅਤੇ ਅਦਾਲਤ ਵਿੱਚ ਪੇਸ਼ ਕੀਤਾ ਤੇ ਰਿਮਾਂਡ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੁਲਜ਼ਮਾਂ ਨੇ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਬਣਾਈਆਂ ਅਤੇ ਸਾਂਝੀਆਂ ਕੀਤੀਆਂ ਹਨ ਅਤੇ ਕਈ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ।

ਜਾਣਕਾਰੀ ਮੁਤਾਬਕ ਪੁਲਿਸ ਹੁਣ ਡਿਜੀਟਲ ਫੋਰੈਂਸਿਕ ਜਾਂਚ ਰਾਹੀਂ ਨੈੱਟਵਰਕ ਅਤੇ ਮੁਲਜ਼ਮਾਂ ਦੇ ਹੋਰ ਸਾਥੀਆਂ ਦੀ ਭਾਲ ਵਿੱਚ ਲੱਗੀ ਹੋਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਸ ਮਾਮਲੇ ਵਿੱਚ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ ਅਤੇ ਇਹ ਕਿਸੇ ਸੰਗਠਿਤ ਸਾਈਬਰ ਅਪਰਾਧ ਗਿਰੋਹ ਦਾ ਹਿੱਸਾ ਹੋ ਸਕਦਾ ਹੈ। ਗੋਪਾਲਗੰਜ ਦੇ ਐਸਪੀ ਅਵਧੇਸ਼ ਦੀਕਸ਼ਿਤ ਦੁਆਰਾ ਜਾਰੀ ਪ੍ਰੈਸ ਰਿਲੀਜ਼ ਵਿੱਚ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਗਈ ਹੈ। ਪ੍ਰੈਸ ਰਿਲੀਜ਼ ਵਿੱਚ ਦੱਸਿਆ ਗਿਆ ਕਿ ਯੂਟਿਊਬ ਚੈਨਲ ਨੂੰ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਟਰੈਕ ਕੀਤਾ ਗਿਆ ਸੀ ਅਤੇ ਫਿਰ ਦੋਸ਼ੀਆਂ ਦੀ ਪਛਾਣ ਕੀਤੀ ਗਈ ਅਤੇ ਕਾਰਵਾਈ ਕੀਤੀ ਗਈ। ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਇਲਾਕੇ ਵਿੱਚ ਹਲਚਲ ਮਚ ਗਈ ਹੈ। ਲੋਕਾਂ ਵਿੱਚ ਚਰਚਾ ਹੈ ਕਿ ਕਿਵੇਂ ਏਆਈ ਦੀ ਦੁਰਵਰਤੋਂ ਕਰਕੇ ਸ਼ਹੀਦ ਪਰਿਵਾਰਾਂ ਦੀ ਦਿੱਖ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।