ਚੰਡੀਗੜ੍ਹ ’ਚ ਪੀਜੀਆਈ-ਪੀਯੂ ਅੰਡਰਪਾਸ ਪ੍ਰੋਜੈਕਟ ਨੂੰ ਪ੍ਰਵਾਨਗੀ, 11 ਕਰੋੜ ਦਾ ਬਜਟ


(ਨਿਊਜ਼ ਟਾਊਨ ਨੈਟਵਰਕ)
ਚੰਡੀਗੜ੍ਹ, 25 ਜੂਨ : ਚੰਡੀਗੜ੍ਹ ’ਚ ਪੀਜੀਆਈ-ਪੀਯੂ ਅੰਡਰਪਾਸ ਪ੍ਰੋਜੈਕਟ ਨੂੰ ਝੰਡੀ ਮਿਲ ਗਈ ਹੈ। ਸਾਲਾਂ ਦੀ ਉਡੀਕ ਅਤੇ ਪ੍ਰਸ਼ਾਸਕੀ ਰੁਕਾਵਟਾਂ ਤੋਂ ਬਾਅਦ ਹੁਣ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈ) ਅਤੇ ਪੰਜਾਬ ਯੂਨੀਵਰਸਿਟੀ (ਪੀਯੂ) ਨੂੰ ਜੋੜਨ ਵਾਲੇ ਅੰਡਰਪਾਸ ਪ੍ਰੋਜੈਕਟ ਦਾ ਕੰਮ ਅਖ਼ਿਰਕਾਰ ਸ਼ੁਰੂ ਹੋਣ ਜਾ ਰਿਹਾ ਹੈ। ਯੂਟੀ ਪ੍ਰਸ਼ਾਸਨ ਨੇ ਇਸ ਦੇ ਲਈ 11 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦੇ ਦਿਤੀ ਹੈ, ਜਿਸ ਨਾਲ ਇੰਜੀਨੀਅਰਿੰਗ ਵਿਭਾਗ ਨੂੰ ਟੈਂਡਰ ਜਾਰੀ ਕਰਨ ਦੀ ਆਗਿਆ ਮਿਲ ਗਈ ਹੈ।
ਜਾਣਕਾਰੀ ਮੁਤਾਬਕ ਇਸ ਪ੍ਰੋਜੈਕਟ ਵਿਚ ਤਜਵੀਜ਼ਸ਼ੁਦਾ ਅੰਡਰਪਾਸ 15.7 ਮੀਟਰ ਚੌੜਾ ਅਤੇ 32.77 ਮੀਟਰ ਲੰਬਾ ਹੋਵੇਗਾ, ਜੋ ਸੈਕਟਰ 17 ਦੇ ਮੌਜੂਦਾ ਰੋਜ਼ ਗਾਰਡਨ ਅੰਡਰਪਾਸ ਨਾਲੋਂ ਵੱਡਾ ਹੋਵੇਗਾ। ਨਵੇਂ ਅੰਡਰਪਾਸ ’ਚ 8 ਵਪਾਰਕ ਬੂਥ ਵੀ ਬਣਾਏ ਜਾਣਗੇ। ਇਹ ਪ੍ਰੋਜੈਕਟ ਪਹਿਲਾਂ ਨਵੰਬਰ 2019 ’ਚ ਤਤਕਾਲੀ ਯੂਟੀ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਵਲੋਂ ਮਨਜ਼ੂਰ ਕੀਤਾ ਗਿਆ ਸੀ। ਸ਼ੁਰੂ ਵਿਚ ਇਸ ਦੀ ਲਾਗਤ 7 ਕਰੋੜ ਰੁਪਏ ਦੱਸੀ ਗਈ ਸੀ ਪਰ ਪ੍ਰਸ਼ਾਸਕੀ ਰੁਕਾਵਟਾਂ ਅਤੇ ਜ਼ਮੀਨ ਪ੍ਰਾਪਤੀ ਦੀਆਂ ਸਮੱਸਿਆਵਾਂ ਕਾਰਨ ਇਹ ਲਾਗਤ 11 ਕਰੋੜ ਰੁਪਏ ਤਕ ਪਹੁੰਚ ਗਈ। ਪ੍ਰੋਜੈਕਟ 2017 ਤੋਂ ਪਾਈਪਲਾਈਨ ’ਚ ਹੈ।
ਸ਼ੁਰੂਆਤੀ ਪੜਾਵਾਂ ’ਚ ਇੰਜੀਨੀਅਰਿੰਗ ਅਤੇ ਸ਼ਹਿਰੀ ਯੋਜਨਾਬੰਦੀ ਵਿਭਾਗਾਂ ਵਿਚਕਾਰ ਫਾਈਲਾਂ ਦੀ ਅਦਲਾ-ਬਦਲੀ ਹੋਈ, ਜਦਕਿ ਪੀਜੀਆਈ ਅਤੇ ਪੀਯੂ ਦੋਵੇਂ ਆਪਣੀ ਜ਼ਮੀਨ ਦੇਣ ’ਚ ਝਿਜਕ ਰਹੇ ਸਨ। ਸ਼ੁਰੂ ’ਚ 80 ਵਰਗ ਫੁੱਟ ਜਗ੍ਹਾ ਦੀ ਮੰਗ ਹੋਈ ਸੀ, ਪਰ ਆਖ਼ਿਰਕਾਰ ਸਿਰਫ਼ 60 ਵਰਗ ਫੁੱਟ ਜਗ੍ਹਾ ਹੀ ਉਪਲਬਧ ਹੋ ਸਕੀ। ਚੰਡੀਗੜ੍ਹ ਵਿਰਾਸਤ ਸੰਭਾਲ ਕਮੇਟੀ ਅਤੇ ਇਸਦੇ ਸਬ-ਪੈਨਲ ਵਲੋਂ ਪ੍ਰੋਜੈਕਟ ਨੂੰ ਮਿਲੀ ਪ੍ਰਵਾਨਗੀ ਵਿਚ ਵੀ ਲਗਭਗ ਇਕ ਸਾਲ ਲੱਗ ਗਿਆ। ਸਤੰਬਰ 2024 ਵਿਚ ਇਕ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ ਅਤੇ ਮਾਰਚ 2025 ਵਿਚ ਅੰਤਿਮ ਯੋਜਨਾ ਨੂੰ ਮਨਜ਼ੂਰੀ ਮਿਲ ਗਈ।
ਨਵੇਂ ਅੰਡਰਪਾਸ ਨੂੰ ਪੀਜੀਆਈ-ਪੀਯੂ ਰਸਤੇ ’ਤੇ ਪੈਦਲ ਚੱਲਣ ਵਾਲਿਆਂ ਦੀ ਵੱਧਦੀ ਗਿਣਤੀ ਨੂੰ ਧਿਆਨ ’ਚ ਰੱਖਦੇ ਹੋਏ ਵਿਸ਼ਾਲ ਰੂਪ ਦਿਤਾ ਜਾਵੇਗਾ। ਯੋਜਨਾ ਸਮੀਖਿਆ ਦੌਰਾਨ ਰੈਂਪ ਨੂੰ ਵਧੀਆ ਬਣਾਉਣ, ਲਿਫਟਾਂ ਦੀ ਸਹੂਲਤ ਜੋੜਨ ਅਤੇ ਦੁਕਾਨਾਂ ਦੀ ਗਿਣਤੀ ਘਟਾ ਕੇ 8 ਕਰਨਾ ਵੀ ਸ਼ਾਮਲ ਸੀ।
ਅਸਲ ਵਿਚ ਸ਼ੁਰੂ ਵਿਚ 20 ਬੂਥ ਬਣਾਉਣ ਦੀ ਯੋਜਨਾ ਸੀ ਪਰ ਵਿਰਾਸਤ ਸੰਭਾਲ ਕਮੇਟੀ ਨੇ ਵਾਤਾਵਰਣੀ ਅਤੇ ਵਿਰਾਸਤੀ ਨਜ਼ਰੀਏ ਤੋਂ ਇਹ ਗਿਣਤੀ ਘਟਾ ਦਿਤੀ। ਇਹ ਅੰਡਰਪਾਸ ਪੀਯੂ ਬੱਸ ਸਟਾਪ ਅਤੇ ਪੀਜੀਆਈ ਦੇ ਮੁੱਖ ਗੇਟ ਦੇ ਵਿਚਕਾਰ ਬਣਾਇਆ ਜਾਵੇਗਾ, ਜਿਸ ਨਾਲ ਵਿਦਿਆਰਥੀਆਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਵੱਡੀ ਸਹੂਲਤ ਮਿਲੇਗੀ।
