ਆਯੁਰਵੇਦ ਦੇ ਗੁਮਰਾਹਕੁਨ ਇਸ਼ਤਿਹਾਰਾਂ ਬਾਰੇ ਪਤੰਜਲੀ ਵਿਰੁਧ ਪਟੀਸ਼ਨ ਬੰਦ


ਕਿਹਾ, ਇਸ ਮਾਮਲੇ ਨੂੰ ਅੱਗੇ ਵਧਾਉਣ ਦੀ ਕੋਈ ਲੋੜ ਨਹੀਂ ਹੈ
(ਨਿਊਜ਼ ਟਾਊਨ ਨੈਟਵਰਕ)
ਨਵੀਂ ਦਿੱਲੀ, 13 ਅਗਸਤ : ਜਸਟਿਸ ਬੀ.ਵੀ. ਨਾਗਰਥਨਾ ਅਤੇ ਜਸਟਿਸ ਕੇ. ਵੀ. ਵਿਸ਼ਵਨਾਥਨ ਦੀ ਬੈਂਚ ਨੇ ਆਯੁਰਵੇਦ ਦੇ ਗੁਮਰਾਹਕੁਨ ਇਸ਼ਤਿਹਾਰਾਂ ਬਾਰੇ ਪਤੰਜਲੀ ਵਿਰੁਧ ਪਟੀਸ਼ਨ ‘ਤੇ ਸੁਣਵਾਈ ਸ਼ੁਰੂ ਕੀਤੀ ਅਤੇ ਕਿਹਾ ਕਿ ਪਟੀਸ਼ਨ ਵਿਚ ਮੰਗੀ ਗਈ ਸਾਰੀ ਰਾਹਤ ਪਹਿਲਾਂ ਹੀ ਦਿਤੀ ਜਾ ਚੁੱਕੀ ਹੈ। ਹੁਣ ਇਹ ਮਾਮਲਾ ਬੰਦ ਕਰ ਦੇਣਾ ਚਾਹੀਦਾ ਹੈ।’ ਆਈ.ਐਮ.ਏ ਵਲੋਂ ਪੇਸ਼ ਹੋਏ ਵਕੀਲ ਨੇ ਦਲੀਲ ਦਿਤੀ ਕਿ ਕਈ ਵਾਰ ਆਯੁਰਵੇਦ ਦੇ ਇਸ਼ਤਿਹਾਰ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਇਲਾਜ ਕਰਨ ਦਾ ਦਾਅਵਾ ਕਰਦੇ ਹਨ, ਜਿਸ ਕਾਰਨ ਮਰੀਜ਼ਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ ਅਤੇ ਜਦ ਤਕ ਉਹ ਐਲੋਪੈਥੀ ਡਾਕਟਰ ਕੋਲ ਪਹੁੰਚਦੇ ਹਨ, ਬਿਮਾਰੀ ਗੰਭੀਰ ਹੋ ਚੁੱਕੀ ਹੁੰਦੀ ਹੈ। ਇਸ ‘ਤੇ ਜਸਟਿਸ ਨਾਗਰਥਨਾ ਨੇ ਕਿਹਾ ਕਿ ਜਿੰਨਾ ਚਿਰ ਇਨ੍ਹਾਂ ਦਵਾਈਆਂ ਨੂੰ ਬਣਾਉਣ ਦੀ ਇਜਾਜ਼ਤ ਹੈ, ਅਸੀਂ ਇਹ ਨਹੀਂ ਕਹਿ ਸਕਦੇ ਕਿ ਇਨ੍ਹਾਂ ਨੂੰ ਵੇਚਿਆ ਨਹੀਂ ਜਾਣਾ ਚਾਹੀਦਾ। ਜਸਟਿਸ ਵਿਸ਼ਵਨਾਥਨ ਨੇ ਇਹ ਵੀ ਕਿਹਾ ਕਿ ਇਸ਼ਤਿਹਾਰਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਅਨਉਚਿਤ ਵਪਾਰਕ ਅਭਿਆਸ ਹੋ ਸਕਦਾ ਹੈ।